ਡਾਕਟਰ ਤੇ ਨਰਸਾਂ ਲਈ 50 ਲੱਖ ਦੀ ਬੀਮਾ ਯੋਜਨਾ ਨੂੰ ਲੈ ਕੇ ਵੱਡਾ ਫੈਸਲਾ

Sunday, Jun 21, 2020 - 06:02 PM (IST)

ਡਾਕਟਰ ਤੇ ਨਰਸਾਂ ਲਈ 50 ਲੱਖ ਦੀ ਬੀਮਾ ਯੋਜਨਾ ਨੂੰ ਲੈ ਕੇ ਵੱਡਾ ਫੈਸਲਾ

ਨਵੀਂ ਦਿੱਲੀ—  ਦੇਸ਼ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਕੇਂਦਰ ਸਰਕਾਰ ਨੇ ਸਿਹਤ ਸੇਵਾਵਾਂ ਨਾਲ ਜੁੜੇ ਲਗਭਗ 22 ਲੱਖ ਲੋਕਾਂ ਨੂੰ ਵੱਡੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਨ੍ਹਾਂ ਲਈ ਸ਼ੁਰੂ ਕੀਤੀ ਗਈ 50 ਲੱਖ ਰੁਪਏ ਦੀ ਬੀਮਾ ਯੋਜਨਾ ਨੂੰ ਹੋਰ ਤਿੰਨ ਮਹੀਨਿਆਂ ਲਈ ਸਤੰਬਰ ਤੱਕ ਵਧਾ ਦਿੱਤਾ ਹੈ। ਨਿਊ ਇੰਡੀਆ ਅਸ਼ੋਰੈਂਸ ਵੱਲੋਂ ਲਾਗੂ ਕੀਤੀ ਗਈ ਇਹ ਯੋਜਨਾ 30 ਜੂਨ ਨੂੰ ਖਤਮ ਹੋਣ ਵਾਲੀ ਸੀ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮਾਰਚ 'ਚ 1.70 ਲੱਖ ਕਰੋੜ ਰੁਪਏ ਦੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਤਹਿਤ ਇਸ ਬੀਮਾ ਯੋਜਨਾ ਦਾ ਐਲਾਨ ਕੀਤਾ ਸੀ।

ਇਹ ਬੀਮਾ ਸਿਹਤ ਸੇਵਾਵਾਂ ਨਾਲ ਜੁੜੇ ਕਾਮਿਆਂ ਸਮੇਤ ਕੁੱਲ 22.12 ਲੱਖ ਜਨਤਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਡਾਕਟਰਾਂ ਤੇ ਨਰਸਾਂ ਨੂੰ 50 ਲੱਖ ਰੁਪਏ ਦਾ ਕਵਰ ਪ੍ਰਦਾਨ ਕਰਦਾ ਹੈ, ਜਿਨ੍ਹਾਂ ਦਾ ਕੋਰੋਨਾ ਵਾਇਰਸ ਮਰੀਜ਼ਾਂ ਦੇ ਇਲਾਜ ਅਤੇ ਦੇਖਭਾਲ ਦੌਰਾਨ ਸਿੱਧੇ ਪ੍ਰਭਾਵਿਤ ਹੋਣ ਦਾ ਖਤਰਾ ਹੈ।

ਇਕ ਸਰਕਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਸਰਕਾਰੀ ਹਸਪਤਾਲਾਂ ਤੇ ਸਿਹਤ ਸੰਭਾਲ ਕੇਂਦਰਾਂ 'ਚ ਸਿਹਤ ਕਰਮਚਾਰੀਆਂ ਲਈ ਬੀਮਾ ਯੋਜਨਾ 30 ਮਾਰਚ, 2020 ਤੋਂ ਲਾਗੂ ਹੋਈ ਸੀ। ਇਸ ਸਕੀਮ ਨੂੰ ਵਾਧਾ ਕੇ ਸਤੰਬਰ ਤੱਕ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਸਕੀਮ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਵੱਲੋਂ ਸੰਚਾਲਤ ਰਾਸ਼ਟਰੀ ਆਫਤ ਰਿਸਪਾਂਸ ਫੰਡ ਜ਼ਰੀਏ ਫੰਡ ਕੀਤੀ ਗਈ ਹੈ। ਕੇਂਦਰ, ਸੂਬਾ ਸਰਕਾਰਾਂ ਦੇ ਹਸਪਤਾਲਾਂ 'ਚ ਕੰਮ ਕਰਨ ਵਾਲੇ ਡਾਕਟਰ, ਨਰਸਾਂ, ਪੈਰਾ ਮੈਡੀਕਲ, ਸੈਨੀਟੇਸ਼ਨ ਕਰਮਚਾਰੀ ਅਤੇ ਕੁਝ ਹੋਰ ਵਿਅਕਤੀ ਇਸ ਬੀਮਾ ਯੋਜਨਾ ਦੇ ਪਾਤਰ ਬਣਾਏ ਗਏ ਹਨ।


author

Sanjeev

Content Editor

Related News