ਕੇਂਦਰ ''ਤੇ ਮੁੜ ਵਰ੍ਹੇ ਰਾਜਪਾਲ ਸੱਤਿਆਪਾਲ ਮਲਿਕ, ਕਿਸਾਨਾਂ ਨੂੰ ਕੀਤੀ ਇਹ ਅਪੀਲ
Monday, Mar 07, 2022 - 01:33 PM (IST)
ਜੀਂਦ (ਭਾਸ਼ਾ)- ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਸਾਨ ਅੰਦੋਲਨਕਾਰੀਆਂ ਵਲੋਂ ਪਿਛਲੇ ਸਾਲ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਏ ਜਾਣ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਇਸ 'ਚ ਕੁਝ ਗਲਤ ਨਹੀਂ ਸੀ। ਕਿਸਾਨ ਅੰਦੋਲਨ ਲਈ ਇਕ ਵਾਰ ਮੁੜ ਕੇਂਦਰ ਸਰਕਾਰ ਅਤੇ ਉਸ ਦੇ ਨੇਤਾਵਾਂ ਦੀ ਤਿੱਖੀ ਆਲੋਚਨਾ ਕਰਦੇ ਹੋਏ ਮਲਿਕ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੱਤਾ ਬਦਲਣ ਅਤੇ ਕਿਸਾਨਾਂ ਦੀ ਸਰਕਾਰ ਬਣਾਉਣ ਲਈ ਇਕਜੁਟ ਹੋਣ। ਉਨ੍ਹਾਂ ਕਿਹਾ ਕਿ ਉਹ ਰਾਜਪਾਲ ਦੇ ਅਹੁਦੇ 'ਤੇ ਉਨ੍ਹਾਂ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਖ਼ੁਦ ਦੇਸ਼ ਭਰ ਦਾ ਦੌਰਾ ਕਰ ਕੇ, ਕਿਸਾਨਾਂ ਨੂੰ ਇਕਜੁਟ ਕਰਨਗੇ। ਮਲਿਕ ਦਾ ਕਹਿਣਾ ਸੀ ਕਿ (ਸਰਕਾਰ ਨੇ) ਕਿਸਾਨਾਂ ਨਾਲ ਅੱਧਾ-ਅਧੂਰਾ ਸਮਝੌਤਾ ਕਰ ਕੇ ਉਨ੍ਹਾਂ ਨੂੰ (ਧਰਨੇ ਤੋਂ) ਉਠਾ ਦਿੱਤਾ ਗਿਆ ਪਰ ਮਾਮਲਾ ਵੈਸੇ ਦਾ ਵੈਸਾ ਹੈ। ਰਾਜਪਾਲ ਨੇ ਦੋਸ਼ ਲਗਾਇਆ,''ਪ੍ਰਧਾਨ ਮੰਤਰੀ ਦੇ ਇਕ ਦੋਸਤ ਪਾਨੀਪਤ 'ਚ 50 ਏਕੜ ਖੇਤਰ 'ਚ ਗੋਦਾਮ ਬਣਾ ਕੇ ਸਸਤੇ ਭਾਅ ਕਣਕ ਖਰੀਦਣ ਦਾ ਸੁਫ਼ਨਾ ਪਾਲੇ ਹੋਏ ਹਨ।''
ਇਹ ਵੀ ਪੜ੍ਹੋ : ਯੂਕ੍ਰੇਨ 'ਚ ਫਸੇ 210 ਭਾਰਤੀਆਂ ਨੂੰ ਲੈ ਕੇ ਹਵਾਈ ਫ਼ੌਜ ਦੀ ਫਲਾਈਟ ਹਿੰਡਨ ਏਅਰਬੇਸ ਪਹੁੰਚੀ
ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਐਤਵਾਰ ਨੂੰ ਇੱਥੋਂ ਦੇ ਪਿੰਡ ਕੰਡੇਲਾ ਵਿਖੇ ਕੰਡੇਲਾ ਖਾਪ ਅਤੇ ਮਾਜਰਾ ਖਾਪ ਵੱਲੋਂ ਆਯੋਜਿਤ ਕਿਸਾਨ ਸਨਮਾਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਮਲਿਕ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਕੁਝ ਦੋਸਤਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਉਪ ਰਾਸ਼ਟਰਪਤੀ ਜਾਂ ਰਾਸ਼ਟਰਪਤੀ ਬਣ ਸਕਦੇ ਹਨ ਇਸ ਲਈ ਉਨ੍ਹਾਂ ਨੂੰ ਚੁੱਪ ਰਹਿਣਾ ਚਾਹੀਦਾ ਹੈ ਪਰ ਮਲਿਕ ਦੇ ਅਨੁਸਾਰ, "ਮੈਂ ਉਸਨੂੰ ਕਿਹਾ ਕਿ ਮੈਨੂੰ ਇਹਨਾਂ ਅਹੁਦਿਆਂ ਦੀ ਪਰਵਾਹ ਨਹੀਂ ਹੈ।" ਉਨ੍ਹਾਂ ਇਹ ਵੀ ਕਿਹਾ ਕਿ ਰਾਜਪਾਲ ਦਾ ਅਹੁਦਾ ਉਨ੍ਹਾਂ ਲਈ ਮਹੱਤਵਪੂਰਨ ਨਹੀਂ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਸੱਤਾ ਬਦਲਣ ਲਈ ਇਕਜੁੱਟ ਹੋ ਕੇ ਦਿੱਲੀ ਵਿਚ ਆਪਣੀ ਸਰਕਾਰ ਬਣਾਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਤੋਂ ਕੁਝ ਨਾ ਮੰਗਣਾ ਪਵੇ, ਸਗੋਂ ਲੋਕ ਉਨ੍ਹਾਂ ਤੋਂ ਮੰਗਣ। ਮਲਿਕ ਨੇ ਨਰਾਜ਼ਗੀ ਜ਼ਾਹਰ ਕੀਤੀ ਕਿ ਪ੍ਰਧਾਨ ਮੰਤਰੀ ਦੀ ਰਿਹਾਇਸ਼ (ਕਿਸਾਨਾਂ ਦੇ ਧਰਨੇ ਵਾਲੀ ਥਾਂ ਤੋਂ) ਸਿਰਫ਼ ਦਸ ਕਿਲੋਮੀਟਰ ਦੀ ਦੂਰੀ 'ਤੇ ਸੀ ਅਤੇ ਇਕ ਸਾਲ ਤੋਂ ਵੱਧ ਸਮੇਂ ਤੱਕ ਚੱਲੇ ਉਨ੍ਹਾਂ ਦੇ ਅੰਦੋਲਨ ਦੌਰਾਨ ਵੱਡੀ ਗਿਣਤੀ ਵਿਚ ਕਿਸਾਨਾਂ ਦੀ ਜਾਨ ਚਲੀ ਗਈ ਸੀ। ਮਲਿਕ ਨੇ ਕਿਹਾ,"ਪਰ ਸਰਕਾਰ ਵੱਲੋਂ ਕੋਈ ਵੀ ਸੋਗ ਪ੍ਰਗਟ ਕਰਨ ਲਈ ਨਹੀਂ ਆਇਆ।" ਮਲਿਕ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ ਅਤੇ ਆਪਣੀ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ। ਪਿਛਲੇ ਸਾਲ 26 ਜਨਵਰੀ ਨੂੰ ਕਥਿਤ ਅੰਦੋਲਨਕਾਰੀਆਂ ਵੱਲੋਂ ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਉਣ ਨੂੰ ਜਾਇਜ਼ ਠਹਿਰਾਉਂਦਿਆਂ ਮਲਿਕ ਨੇ ਕਿਹਾ ਕਿ ਇਹ ਫ਼ੈਸਲਾ ਗਲਤ ਨਹੀਂ ਸੀ।
ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ : ਸੋਮਵਾਰ ਨੂੰ 1500 ਤੋਂ ਵਧ ਭਾਰਤੀ 8 ਉਡਾਣਾਂ ਰਾਹੀਂ ਪਰਤਣਗੇ ਦੇਸ਼
ਮਲਿਕ ਨੇ ਧਾਰਾ 370 ਬਾਰੇ ਕਿਹਾ ਕਿ ਜਦੋਂ ਉਨ੍ਹਾਂ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਦਾ ਫ਼ੈਸਲਾ ਕੀਤਾ ਤਾਂ ਸਿਆਸੀ ਹੰਗਾਮਾ ਹੋਇਆ ਸੀ। ਉਨ੍ਹਾਂ ਕਿਹਾ ਕਿ ਪੀ.ਡੀ.ਪੀ. ਮੁਖੀ ਮਹਿਬੂਬਾ ਮੁਫ਼ਤੀ ਨੇ ਖ਼ੂਨ ਦੀਆਂ ਨਦੀਆਂ ਵਗਣ ਦੀ ਗੱਲ ਕੀਤੀ ਹੈ, ਜਦੋਂ ਕਿ ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ ਨੇ ਕਿਹਾ ਸੀ ਕਿ ਦੇਸ਼ ਦਾ ਝੰਡਾ ਕੋਈ ਨਹੀਂ ਉਠਾਏਗਾ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਜਿਨ੍ਹਾਂ ਆਗੂਆਂ ਨੂੰ ਜੇਲ੍ਹ ਵਿਚ ਸੁੱਟਿਆ ਗਿਆ ਸੀ, ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਰਿਹਾਅ ਕਰਵਾ ਕੇ ਚਾਹ ਪਿਲਾਈ। ਉੱਤਰ ਪ੍ਰਦੇਸ਼ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਬਾਰੇ ਮਲਿਕ ਨੇ ਕਿਹਾ ਕਿ ਨਤੀਜੇ ਆਉਣੇ ਬਾਕੀ ਹਨ ਪਰ ਕਿਸੇ ਵੀ ਮੰਤਰੀ ਨੂੰ ਪੱਛਮੀ ਉੱਤਰ ਪ੍ਰਦੇਸ਼ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਦੌੜਦਿਆਂ ਦੇਖਿਆ ਸੀ। ਖਾਪਾਂ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ “ਕਿਸਾਨ ਸਨਮਾਨ ਰਤਨ” ਨਾਲ ਸਨਮਾਨਿਤ ਹੋਣ ਤੋਂ ਬਾਅਦ ਮਲਿਕ ਨੇ ਇਹ ਸਨਮਾਨ ਉਨ੍ਹਾਂ ਕਿਸਾਨਾਂ ਦੇ ਵਾਰਸਾਂ ਨੂੰ ਸਮਰਪਿਤ ਕੀਤਾ, ਜਿਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗੁਆ ਦਿੱਤੀਆਂ ਸਨ। ਖਾਪਾਂ ਲਈ ਆਪਣਾ ਸਮਰਥਨ ਪ੍ਰਗਟ ਕਰਦੇ ਹੋਏ ਮਲਿਕ ਨੇ ਲੜਕੀਆਂ ਦੀ ਸਿੱਖਿਆ, ਸਮੂਹਿਕ ਖਾਣ 'ਤੇ ਪਾਬੰਦੀ ਅਤੇ ਦਾਜ ਪ੍ਰਥਾ ਨੂੰ ਬੰਦ ਕਰਨ ਦੀ ਅਪੀਲ ਕੀਤੀ। ਸਮਾਗਮ 'ਚ ਕੰਡੇਲਾ ਖਾਪ ਦੇ ਪ੍ਰਧਾਨ ਓਮ ਪ੍ਰਕਾਸ਼, ਮਾਜਰਾ ਖਾਪ ਦੇ ਮੁਖੀ ਮਹਿੰਦਰ ਰਿਧਾਲ, ਬਿਨੈਣ ਖਾਪ ਦੇ ਪ੍ਰਧਾਨ ਨਫੇ ਨੈਨ, ਮਲਿਕ ਖਾਪ ਦੇ ਪ੍ਰਧਾਨ ਬਲਜੀਤ ਮਲਿਕ, ਜਗਤ ਸਿੰਘ ਰੇਧੂ, ਰਿਸ਼ੀਪਾਲ, ਰਣਧੀਰ ਰੇਧੂ ਸਮੇਤ ਹੋਰ ਖਾਪ ਆਗੂ ਮੌਜੂਦ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ