ਔਰਤਾਂ ਨੂੰ ਆਤਮਨਿਰਭਰ ਬਣਾਉਣ ਲਈ ਸਰਕਾਰ ਦਾ ਵੱਡਾ ਕਦਮ, ਦੇਵੇਗੀ ਇਹ ਸੌਗਾਤ

Wednesday, Dec 18, 2024 - 10:34 AM (IST)

ਹਰਿਆਣਾ- ਸਰਕਾਰ ਔਰਤਾਂ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ਵੱਲ ਵੱਡਾ ਕਦਮ ਪੁੱਟਣ ਜਾ ਰਹੀ ਹੈ। ਸਰਕਾਰ ਇਕ ਹਜ਼ਾਰ ਔਰਤਾਂ ਨੂੰ ਈ-ਰਿਕਸ਼ਾ ਲਈ ਸਬਸਿਡੀ ਉਪਲੱਬਧ ਕਰਵਾਏਗੀ ਅਤੇ ਉਨ੍ਹਾਂ ਨੂੰ ਈ-ਰਿਕਸ਼ਾ ਚਲਾਉਣ ਲਈ ਟ੍ਰੇਨਿੰਗ ਵੀ ਦੇਵੇਗੀ। ਇਸ ਯੋਜਨਾ ਨੂੰ ਹਰਿਆਣਾ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ। ਇਸ ਪੂਰੀ ਯੋਜਨਾ ਵਿਚ ਕਰੀਬ 692 ਲੱਖ ਰੁਪਏ ਖ਼ਰਚ ਹੋਣਗੇ। ਇਹ ਯੋਜਨਾ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਲਾਗੂ ਹੋਵੇਗੀ।

ਸੂਬੇ ਦੀਆਂ ਔਰਤਾਂ ਨੂੰ ਦਿੱਤਾ ਜਾਵੇਗਾ ਇਸ ਯੋਜਨਾ ਦਾ ਲਾਭ

ਦੱਸ ਦੇਈਏ ਕਿ ਸਰਕਾਰ ਇਹ ਯੋਜਨਾ ਹਰਿਆਣਾ ਮਹਿਲਾ ਵਿਕਾਸ ਨਿਗਮ ਜ਼ਰੀਏ ਲਾਗੂ ਕਰਨ ਜਾ ਰਹੀ ਹੈ। ਇਸ ਯੋਜਨਾ ਦਾ ਲਾਭ ਸਿਰਫ਼ ਸੂਬੇ ਦੀਆਂ ਔਰਤਾਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕੋਲ ਸੂਬੇ ਦਾ ਨਿਵਾਸ ਦਾ ਪੱਕਾ ਸਬੂਤ ਹੋਣਾ ਚਾਹੀਦਾ ਹੈ। ਸਰਕਾਰ ਜਿਨ੍ਹਾਂ ਔਰਤਾਂ ਨੂੰ ਈ-ਰਿਕਸ਼ਾ ਲਈ ਸਬਸਿਡੀ ਉਪਲੱਬਧ ਕਰਵਾਏਗੀ, ਉਨ੍ਹਾਂ ਵਿਚ 400 BPL ਪਰਿਵਾਰ ਨਾਲ ਸਬੰਧਤ ਔਰਤਾਂ ਹੋਣਗੀਆਂ, ਜਦਕਿ 100 ਵਿਧਵਾ  ਅਤੇ ਬਾਕੀ 500 ਦੂਜੇ ਵਰਗ ਦੀਆਂ ਔਰਤਾਂ ਹੋਣਗੀਆਂ। ਈ-ਰਿਕਸ਼ਾ ਚਲਾਉਣ ਵਾਲੀਆਂ ਔਰਤਾਂ ਦੀ ਉਮਰ 18-45 ਸਾਲ ਦਰਮਿਆਨ ਹੋਵੇਗੀ। ਸਰਕਾਰ ਨੇ BPL ਪਰਿਵਾਰ ਨਾਲ ਸਬੰਧਤ ਲਾਭਪਾਤਰੀ ਪਰਿਵਾਰਾਂ ਦੀ ਆਮਦਨ ਹੱਦ 1.80 ਲੱਖ ਅਤੇ ਦੂਜੀਆਂ ਜਾਤਾਂ ਦੀ ਆਮਦਨ ਹੱਦ 3 ਲੱਖ ਰੁਪਏ ਤੈਅ ਕੀਤੀ ਹੈ। ਵਿਧਵਾ ਔਰਤਾਂ ਲਈ ਆਮਦਨ ਹੱਦ ਦੀ ਕੋਈ ਸ਼ਰਤ ਨਹੀਂ ਰੱਖੀ ਗਈ ਹੈ।

BPL ਪਰਿਵਾਰਾਂ ਅਤੇ ਵਿਧਵਾ ਔਰਤਾਂ ਨੂੰ ਮਿਲੇਗੀ 50 ਫ਼ੀਸਦੀ ਸਬਸਿਡੀ

ਈ-ਰਿਕਸ਼ਾ ਖਰੀਦਣ ਲਈ BPL ਪਰਿਵਾਰਾਂ ਅਤੇ ਵਿਧਵਾ ਔਰਤਾਂ ਨੂੰ 50 ਫ਼ੀਸਦੀ ਸਬਸਿਡੀ ਪ੍ਰਦੇਸ਼ ਸਰਕਾਰ ਵਲੋਂ ਦਿੱਤੀ ਜਾਵੇਗੀ ਅਤੇ ਦੂਜੇ ਵਰਗ ਦੀਆਂ ਔਰਤਾਂ ਨੂੰ 30 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ।


Tanu

Content Editor

Related News