ਸਰਕਾਰ ਨੇ ਅੱਜ ਸੱਦੀ ਸਰਬ ਪਾਰਟੀ ਬੈਠਕ, ਹਾਲਾਤ ''ਤੇ ਹੋਵੇਗੀ ਚਰਚਾ
Friday, Jul 14, 2017 - 02:07 AM (IST)
ਨਵੀਂ ਦਿੱਲੀ— ਸਿੱਕਮ ਖੇਤਰ 'ਚ ਚੀਨ ਨਾਲ ਲੱਗਦੀ ਸਰਹੱਦ 'ਤੇ ਚਲ ਰਹੇ ਖਿਚਾਅ ਦਰਮਿਆਨ ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਸਰਬ ਪਾਰਟੀ ਬੈਠਕ ਸੱਦੀ ਹੈ। ਬੈਠਕ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਨਿਵਾਸ ਵਿਖੇ ਸ਼ਾਮ ਨੂੰ 4 ਤੋਂ 5 ਵਜੇ ਦਰਮਿਆਨ ਹੋਵੇਗੀ। ਬੈਠਕ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਭਾਰਤ-ਚੀਨ ਸਰਹੱਦ 'ਤੇ ਪਾਏ ਜਾਂਦੇ ਖਿਚਾਅ ਸਬੰਧੀ ਸਭ ਪਾਰਟੀਆਂ ਦੇ ਆਗੂਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਅਤੇ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਸਬੰਧੀ ਦੱਸਿਆ ਜਾਵੇਗਾ। ਉਕਤ ਬੈਠਕ 'ਚ ਕਸ਼ਮੀਰ ਦੇ ਹਾਲਾਤ 'ਤੇ ਵੀ ਵਿਚਾਰ-ਵਟਾਂਦਰਾ ਹੋਵੇਗਾ। ਸਰਕਾਰੀ ਸੂਤਰਾਂ ਮੁਤਾਬਕ ਇਸ ਬੈਠਕ ਲਈ ਲੋਕ ਸਭਾ ਅਤੇ ਰਾਜ ਸਭਾ 'ਚ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਸੂਚਨਾ ਭੇਜ ਕੇ ਇਸ ਵਿਚ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ। ਬੈਠਕ 'ਚ ਕਈ ਕੇਂਦਰੀ ਮੰਤਰੀਆਂ ਦੇ ਵੀ ਸ਼ਾਮਿਲ ਹੋਣ ਦੀ ਸੰਭਾਵਨਾ ਹੈ।
ਖਬਰਾਂ ਮੁਤਾਬਕ ਸਭ ਪਾਰਟੀਆਂ ਨੂੰ ਚੀਨ ਅਤੇ ਕਸ਼ਮੀਰ ਦੀ ਸਥਿਤੀ ਤੋਂ ਜਾਣੂ ਕਰਵਾਉਣ ਦੀ ਸਲਾਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਜਿਸ ਪਿੱਛੋਂ ਸਭ ਆਗੂਆਂ ਨੂੰ ਸੱਦਿਆ ਗਿਆ ਹੈ। ਇਸ ਪਿੱਛੇ ਸ਼ਾਇਦ ਮੋਦੀ ਦੀ ਸੋਚ ਇਹ ਹੈ ਕਿ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਦਾ ਮੁਕਾਬਲਾ ਕਰ ਕੇ ਉਸ ਦੇ ਗੁੱਸੇ ਨੂੰ ਕੁਝ ਹੱਦ ਤਕ ਘੱਟ ਕੀਤਾ ਜਾ ਸਕੇ ਤਾਂ ਜੋ ਸੈਸ਼ਨ ਸੁਚਾਰੂ ਢੰਗ ਨਾਲ ਚੱਲ ਸਕੇ।
ਵਿਰੋਧੀ ਧਿਰ ਦਾ ਰੁਖ਼ ਗਰਮ ਰਹਿਣ ਦੀ ਉਮੀਦ
ਬੈਠਕ ਵਿਚ ਕਾਂਗਰਸ ਸਮੇਤ ਵਿਰੋਧੀ ਧਿਰ ਦੇ ਰੁਖ਼ ਦੇ ਕਾਫੀ ਗਰਮ ਰਹਿਣ ਦੀ ਉਮੀਦ ਹੈ। ਲਗਭਗ ਸਭ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਚੀਨ ਅਤੇ ਕਸ਼ਮੀਰ ਦੇ ਮਸਲੇ 'ਤੇ ਸਰਕਾਰ ਦੀ ਨਾਲਾਇਕੀ ਨੂੰ ਲੈ ਕੇ ਬੀਤੇ ਦਿਨੀਂ ਤਿੱਖੇ ਹਮਲੇ ਕੀਤੇ ਸਨ, ਇਸ ਲਈ ਉਕਤ ਬੈਠਕ ਵਿਚ ਸਰਕਾਰ ਨੂੰ ਵਿਰੋਧੀ ਧਿਰ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।
ਮਸਲੇ ਦੇ ਹੱਲ ਲਈ ਹੋ ਰਹੇ ਹਨ ਡਿਪਲੋਮੈਟਿਕ ਯਤਨ
ਡੋਕਲਾਮ ਖੇਤਰ ਦਾ ਮੁੱਦਾ ਹੱਲ ਕਰਨ ਲਈ ਚੀਨ ਨੇ ਭਾਵੇਂ ਭਾਰਤੀ ਫੌਜ ਦੇ ਪਿੱਛੇ ਹਟਣ ਦੀ ਸ਼ਰਤ ਰੱਖੀ ਹੈ ਪਰ ਭਾਰਤ ਦਾ ਕਹਿਣਾ ਹੈ ਕਿ ਇਸ ਵਿਵਾਦ ਨੂੰ ਹੱਲ ਕਰਨ ਲਈ ਡਿਪਲੋਮੈਟਿਕ ਚੈਨਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਦੋਹਾਂ ਦੇਸ਼ਾਂ ਦਰਮਿਆਨ ਰਿਸ਼ਤਿਆਂ 'ਚ ਖਿਚਾਅ ਬਾਰੇ ਪੁੱਛੇ ਜਾਣ 'ਤੇ ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਗੋਪਾਲ ਬਾਗਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਦਰਮਿਆਨ ਹੈਂਬਰਗ ਵਿਖੇ ਗੱਲਬਾਤ ਹੋਈ ਸੀ। ਦੋਵੇਂ ਦੇਸ਼ ਡਿਪਲੋਮੈਟਿਕ ਪੱਧਰ 'ਤੇ ਗੱਲਬਾਤ ਕਰ ਰਹੇ ਹਨ। ਇਹ ਸਿਲਸਿਲਾ ਭਵਿੱਖ 'ਚ ਵੀ ਜਾਰੀ ਰਹੇਗਾ।
