ਚੀਨ ''ਤੇ ਸੰਸਦ ''ਚ ਚਰਚਾ ਤੋਂ ਸਰਕਾਰ ਦਾ ਇਨਕਾਰ ਲੋਕਤੰਤਰ ਦਾ ਅਪਮਾਨ : ਸੋਨੀਆ ਗਾਂਧੀ
Wednesday, Dec 21, 2022 - 01:40 PM (IST)
ਨਵੀਂ ਦਿੱਲੀ (ਵਾਰਤਾ)- ਕਾਂਗਰਸ ਸੰਸਦੀ ਦਲ ਦੀ ਨੇਤਾ ਸੋਨੀਆ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਦੇ ਸਾਹਮਣੇ ਸਰਹੱਦਾਂ ਦੀ ਸੁਰੱਖਿਆ, ਬੇਰੁਜ਼ਗਾਰੀ, ਸੰਵਿਧਾਨਕ ਸੰਸਥਾਵਾਂ 'ਤੇ ਹਮਲੇ ਅਤੇ ਮਹਿੰਗਾਈ ਵਰਗੇ ਕਈ ਭਖਦੇ ਮੁੱਦੇ ਹਨ, ਜਿਨ੍ਹਾਂ 'ਤੇ ਸਰਕਾਰ ਤੋਂ ਸਵਾਲ ਪੁੱਛੇ ਜਾਂਦੇ ਹਨ ਪਰ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਉਂਦਾ ਅਤੇ ਇਹ ਦੇਸ਼ ਲਈ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਹੈ। ਸੰਸਦ ਦੇ ਸੈਂਟਰਲ ਹਾਲ 'ਚ ਹੋਈ ਮੀਟਿੰਗ 'ਚ ਸ਼੍ਰੀਮਤੀ ਗਾਂਧੀ ਨੇ ਸੰਸਦ 'ਚ ਕਿਹਾ ਕਿ ਸਰਕਾਰ ਉਨ੍ਹਾਂ ਗੰਭੀਰ ਮਾਮਲਿਆਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ, ਜੋ ਦੇਸ਼ ਲਈ ਚੁਣੌਤੀਆਂ ਖੜ੍ਹੀਆਂ ਕਰ ਰਹੇ ਹਨ ਅਤੇ ਜੇਕਰ ਇਸ ਬਾਰੇ ਕੋਈ ਸਵਾਲ ਪੁੱਛਿਆ ਜਾਂਦਾ ਹੈ ਤਾਂ ਉਸ ਦਾ ਜਵਾਬ ਨਹੀਂ ਦਿੱਤਾ ਜਾਂਦਾ ਅਤੇ ਨਾ ਹੀ ਇਨ੍ਹਾਂ ਮੁੱਦਿਆਂ 'ਤੇ ਬਹਿਸ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਚੁੱਪ ਖ਼ਤਰਨਾਕ ਹੈ ਅਤੇ ਇਹ ਨਫ਼ਰਤ ਫੈਲਾ ਕੇ ਵੰਡੀਆਂ ਪਾਉਣ ਦੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਦੀ ਇਹ ਕੋਸ਼ਿਸ਼ ਦੇਸ਼ ਦੇ ਲੋਕਤੰਤਰੀ ਢਾਂਚੇ ਲਈ ਖ਼ਤਰਨਾਕ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਦੇਸ਼ 'ਚ ਫੁੱਟ ਪਾਊ ਨੀਤੀਆਂ ਚਲਾਉਣ ਦੀ ਬਜਾਏ ਸਾਰਿਆਂ ਨੂੰ ਨਾਲ ਲੈ ਕੇ ਦੇਸ਼ ਨੂੰ ਅੱਗੇ ਲਿਜਾਣ ਲਈ ਕੰਮ ਕਰਨਾ ਚਾਹੀਦਾ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ,''ਚੀਨ ਸਾਡੀ ਸਰਹੱਦ 'ਤੇ ਲਗਾਤਾਰ ਘੁਸਪੈਠ ਕਰ ਰਿਹਾ ਹੈ ਅਤੇ ਸਾਡੇ ਬਹਾਦਰ ਸੈਨਿਕ ਉਨ੍ਹਾਂ ਦੀ ਹਰ ਕੋਸ਼ਿਸ਼ ਦਾ ਮੂੰਹਤੋੜ ਜਵਾਬ ਦੇ ਰਹੇ ਹਨ। ਪੂਰਾ ਦੇਸ਼ ਆਪਣੇ ਫ਼ੌਜੀਆਂ ਦੇ ਨਾਲ ਖੜ੍ਹਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਇਸ ਮੁੱਦੇ 'ਤੇ ਸੰਸਦ 'ਚ ਚਰਚਾ ਕਰਨ ਤੋਂ ਭੱਜ ਰਹੀ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕ ਹਾਲਤ ਵੀ ਵਿਗੜ ਚੁੱਕੀ ਹੈ। ਜ਼ਰੂਰੀ ਵਸਤਾਂ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਲੋਕਾਂ ਦਾ ਘਰੇਲੂ ਬਜਟ ਡਾਵਾਂਡੋਲ ਹੋ ਰਿਹਾ ਹੈ। ਸਰਕਾਰ ਨੌਕਰੀਆਂ ਦੇਣ ਤੋਂ ਅਸਮਰੱਥ ਹੈ, ਜਿਸ ਕਾਰਨ ਨੌਜਵਾਨਾਂ ਦੇ ਸਾਹਮਣੇ ਰੁਜ਼ਗਾਰ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ, ਪਰ ਸਰਕਾਰ ਇਨ੍ਹਾਂ ਮੁੱਦਿਆਂ 'ਤੇ ਸੰਸਦ 'ਚ ਕਿਸੇ ਵੀ ਸਵਾਲ ਦਾ ਜਵਾਬ ਦੇਣ ਅਤੇ ਚਰਚਾ ਕਰਨ ਲਈ ਤਿਆਰ ਨਹੀਂ ਹੈ।