ਦਿਵਿਆਂਗ ਵਿਅਕਤੀ ਨੂੰ ਡਰੋਨ ਨਾਲ ਪਹੁੰਚਾਈ ਗਈ ਸਰਕਾਰੀ ਪੈਨਸ਼ਨ, ਖੁਸ਼ ਹੋ ਕਿਹਾ- ਮੇਰੇ ਲਈ ਵੱਡੀ ਰਾਹਤ ਦੀ ਗੱਲ
Monday, Feb 20, 2023 - 03:07 PM (IST)
ਨੁਆਪਾੜਾ (ਭਾਸ਼ਾ)- ਓਡੀਸ਼ਾ ਦੇ ਨੁਆਪਾੜਾ ਜ਼ਿਲ੍ਹੇ ਦੇ ਇਕ ਦੂਰ-ਦੁਰਾਡੇ ਪਿੰਡ 'ਚ ਰਹਿਣ ਵਾਲੇ ਦਿਵਿਆਂਗ ਵਿਅਕਤੀ ਹੇਤਾਰਾਮ ਸਤਨਾਮੀ ਨੂੰ ਆਪਣੀ ਸਰਕਾਰੀ ਪੈਨਸ਼ਨ ਲੈਣ ਲਈ ਸੰਘਣੇ ਜੰਗਲ ਤੋਂ ਹਰ ਮਹੀਨੇ 2 ਕਿਲੋਮੀਟਰ ਦੀ ਯਾਤਰਾ ਕਰਨੀ ਪੈਂਦੀ ਸੀ। ਹਾਲਾਂਕਿ ਇਸ ਮਹੀਨੇ ਉਨ੍ਹਾਂ ਨੂੰ ਇਸ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ, ਕਿਉਂਕਿ ਇਕ ਡਰੋਨ ਪੈਨਸ਼ਨ ਲੈ ਕੇ ਆਇਆ ਅਤੇ ਭਲੇਸ਼ਵਰ ਪੰਚਾਇਤ ਖੇਤਰ ਦੇ ਭੁਟਕਪਾੜਾ ਪਿੰਡ 'ਚ ਉਨ੍ਹਾਂ ਦੇ ਘਰ ਪਹੁੰਚ ਕੇ ਚਲਾ ਗਿਆ। ਰਾਜ ਦੀ ਮਧੁ ਬਾਬੂ ਪੈਨਸ਼ਨ ਯੋਜਨਾ ਦੇ ਲਾਭਪਾਤਰ ਸਤਨਾਮੀ ਨੇ ਖੁਸ਼ ਹੁੰਦੇ ਕਿਹਾ,''ਸਰਪੰਚ ਨੇ ਡਰੋਨ ਦੀ ਮਦਦ ਨਾਲ ਪੈਸੇ ਭੇਜੇ। ਇਹ ਮੇਰੇ ਲਈ ਵੱਡੀ ਰਾਹਤ ਦੀ ਗੱਲ ਹੈ, ਕਿਉਂਕਿ ਪੰਚਾਇਤ ਦਫ਼ਤਰ ਪਿੰਡ ਤੋਂ 2 ਕਿਲੋਮੀਟਰ ਦੂਰ ਹੈ, ਜੋ ਸੰਘਣੇ ਜੰਗਲ ਨਾਲ ਘਿਰਿਆ ਹੋਇਆ ਹੈ।''
ਸਰਪੰਚ ਸਰੋਜ ਅਗਰਵਾਲ ਨੇ ਕਿਹਾ ਕਿ ਸਤਨਾਮੀ ਦੀ ਆਪਬੀਤੀ ਜਾਣਨ ਤੋਂ ਬਾਅਦ ਉਨ੍ਹਾਂ ਨੇ ਆਨਲਾਈਨ ਮਾਧਿਅਮ ਨਾਲ ਇਕ ਡਰੋਨ ਖਰੀਦਿਆ। ਅਗਰਵਾਲ ਨੇ ਕਿਹਾ,''ਸਾਡੀ ਪੰਚਾਇਤ ਖੇਤਰ 'ਚ, ਜੰਗਲ 'ਚ ਸਥਿਤ ਇਕ ਪਿੰਡ ਭੁਟਕਪਾੜਾ ਹੈ। ਦਿਵਿਆਂਗ ਵਿਅਕਤੀ ਹੇਤਾਰਾਮ ਸਤਨਾਮੀ ਉਸ ਪਿੰਡ 'ਚ ਰਹਿੰਦੇ ਹਨ। ਉਹ ਜਨਮ ਦੇ ਬਾਅਦ ਤੋਂ ਤੁਰ-ਫਿਰ ਨਹੀਂ ਸਕਦੇ।'' ਸਰਪੰਚ ਨੇ ਕਿਹਾ,''ਮੈਂ ਉਨ੍ਹਾਂ ਨੂੰ ਰਾਜ ਯੋਜਨਾ ਦੇ ਅਧੀਨ ਪੈਨਸ਼ਨ ਲਈ ਨਾਮਜ਼ਦ ਕੀਤਾ। ਮੈਂ ਦੇਖਿਆ ਕਿ ਕਿਵੇਂ ਦੂਜੇ ਦੇਸ਼ਾਂ 'ਚ ਡਰੋਨ ਦੇ ਮਾਧਿਅਮ ਨਾਲ ਚੀਜ਼ਾਂ ਭੇਜੀਆਂ ਜਾਂਦੀਆਂ ਹਨ। ਇਸ ਲਈ ਮੈਂ ਡਰੋਨ ਖਰੀਦਿਆ ਅਤੇ ਉਨ੍ਹਾਂ ਨੂੰ ਪੈਨਸ਼ਨ ਪਹੁੰਚਾਈ।''