ਸ਼ਾਂਤੀ ਬਹਾਲੀ ਲਈ ਭਾਰਤ ਦੇ ਨਾਲ ਹੈ ਜੰਮੂ-ਕਸ਼ਮੀਰ ਸਰਕਾਰ : ਮਹਿਬੂਬਾ
Tuesday, Feb 06, 2018 - 06:53 PM (IST)
ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਭਾਰਤ ਸਰਕਾਰ ਵਲੋਂ ਪਾਕਿਸਤਾਨ ਨਾਲ ਰਿਸ਼ਤਿਆਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀਆਂ ਇਨ੍ਹਾਂ ਕੋਸ਼ਿਸ਼ਾਂ ਅਤੇ ਇਥੇ ਸ਼ਾਂਤੀ ਬਹਾਲ ਕਰਨ ਲਈ ਜੰਮੂ-ਕਸ਼ਮੀਰ ਸਰਕਾਰ ਉਨ੍ਹਾਂ ਨਾਲ ਹੈ। ਵਿਧਾਨ ਸਭਾ 'ਚ ਏਜੰਡਾ ਅਲਾਇੰਸ 'ਤੇ ਪੁੱਛੇ ਗਏ ਪ੍ਰਸ਼ਨ ਦੇ ਜਵਾਬ 'ਚ ਮਹਿਬੂਬਾ ਨੇ ਕਿਹਾ ਕਿ ਹਾਲ ਹੀ 'ਚ ਕੇਂਦਰ ਸਰਕਾਰ ਨੇ ਪਾਕਿਸਤਾਨ ਨਾਲ ਰਿਸ਼ਤੇ ਬਿਹਤਰ ਕਰਨ ਲਈ ਕਈ ਸਾਰੇ ਕਦਮ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਲੋਕਾਂ ਵਿਚਾਲੇ ਰਿਸ਼ਤੇ ਬਣਾਉਣ ਲਈ ਵਿਸ਼ਵਾਸ ਬਹਾਲੀ ਦੇ ਉਪਾਅ ਅਪਣਾਏ ਜਾ ਰਹੇ ਹਨ ਅਤੇ ਨਵੇਂ ਮਾਰਗ ਵੀ ਖੋਲ੍ਹੇ ਜਾ ਰਹੇ ਹਨ।
ਮਹਿਬੂਬਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਐੱਨ. ਡੀ. ਏ. ਸਰਕਾਰ ਦੇ ਸਮੇਂ ਅਟਲ ਬਿਹਾਰੀ ਵਾਜਪੇਈ ਨੇ ਪਾਕਿਸਤਾਨ ਦੇ ਨਾਲ ਗੱਲਬਾਤ ਪ੍ਰਕਿਰਿਆ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਇਨਸਾਨੀਅਤ, ਕਸ਼ਮੀਰੀਅਤ ਅਤੇ ਜਮਹੂਰੀਅਤ ਦੀ ਤਰਜ 'ਤੇ ਉਸ 'ਚ ਹੁਰੀਅਤ ਨੂੰ ਵੀ ਸ਼ਾਮਲ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਉਸੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਗਠਬੰਧਨ ਸਰਕਾਰ ਵੀ ਜਲਦ ਹੀ ਸਾਰੇ ਹਿੱਤਧਾਰਕਾਂ ਨੂੰ ਲੈ ਕੇ ਗੱਲਬਾਤ ਸ਼ੁਰੂ ਕਰੇਗੀ। ਉਨ੍ਹਾਂ ਨੇ ਕਿਹਾ ਕਿ ਗੱਲਬਾਤ ਜੰਮੂ-ਕਸ਼ਮੀਰ ਦੇ ਤਮਾਮ ਮੁੱਦਿਆਂ ਨੂੰ ਹੱਲ ਕਰਨ ਲਈ ਹੋਵੇਗੀ।
