ਸਰਕਾਰ ਨੇ ਹੁਣ ਬਜਟ ਤੋਂ ਹਟਾਇਆ ਰੁਪਏ ਦਾ ਪ੍ਰਤੀਕ ਚਿੰਨ੍ਹ
Friday, Mar 14, 2025 - 05:49 AM (IST)

ਚੇਨਈ (ਭਾਸ਼ਾ) - ਤਾਮਿਲਨਾਡੂ ’ਚ ਭਾਸ਼ਾ ਨੂੰ ਲੈ ਕੇ ਵਿਵਾਦ ਦਰਮਿਆਨ ਸੂਬੇ ਦੀ ਦ੍ਰਵਿੜ ਡੀ. ਐੱਮ. ਕੇ. ਸਰਕਾਰ ਨੇ ਵਿੱਤੀ ਸਾਲ 2025-26 ਦੇ ਬਜਟ ਲਈ ਵੀਰਵਾਰ ਨੂੰ ਜਾਰੀ ਕੀਤੇ ਗਏ ‘ਲੋਗੋ’ ਵਿਚ ਭਾਰਤੀ ਰੁਪਏ ਦੇ ਚਿੰਨ੍ਹ ਦੀ ਥਾਂ ਤਾਮਿਲ ਅੱਖਰ ਦੀ ਵਰਤੋਂ ਕੀਤੀ ਹੈ।
ਬਜਟ ਸ਼ੁੱਕਰਵਾਰ ਨੂੰ ਸੂਬਾ ਵਿਧਾਨ ਸਭਾ ਵਿਚ ਪੇਸ਼ ਕੀਤਾ ਜਾਏਗਾ। ਸੂਬਾ ਸਰਕਾਰ ਦੇ ਇਸ ਕਦਮ ਦੀ ਵਿਰੋਧੀ ਧਿਰ ਭਾਜਪਾ ਨੇ ਆਲੋਚਨਾ ਕੀਤੀ ਹੈ, ਜਦੋਂ ਕਿ ਸੱਤਾਧਾਰੀ ਡੀ. ਐੱਮ. ਕੇ. ਨੇ ਹੈਰਾਨੀ ਪ੍ਰਗਟਾਈ ਹੈ ਕਿ ਕੀ ਕੋਈ ਅਜਿਹਾ ਨਿਯਮ ਹੈ, ਜੋ ਅਜਿਹੇ ਚਿੱਤਰਣ ’ਤੇ ਪਾਬੰਦੀ ਲਗਾਉਂਦਾ ਹੈ।
ਤਾਮਿਲਨਾਡੂ ਦੇ ਵਿੱਤ ਮੰਤਰੀ ਥੰਗਮ ਥੇਨਾਰਾਸੂ ਵਿੱਤੀ ਸਾਲ 2025-26 ਲਈ ਸ਼ੁੱਕਰਵਾਰ ਨੂੰ ਸੂਬਾ ਵਿਧਾਨ ਸਭਾ ਵਿਚ ਬਜਟ ਪੇਸ਼ ਕਰਨ ਵਾਲੇ ਹਨ। ਸੂਬਾ ਸਰਕਾਰ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ‘ਲੋਗੋ’ ਵਿਚ ਤਾਮਿਲ ਸ਼ਬਦ ‘ਰੁਬਯ’ ਦਾ ਪਹਿਲਾ ਅੱਖਰ ਛਾਪਿਆ ਗਿਆ ਹੈ। ਭਾਰਤੀ ਕਰੰਸੀ ਨੂੰ ਤਾਮਿਲ ਭਾਸ਼ਾ ਵਿਚ ‘ਰੂਬੀ’ ਕਿਹਾ ਜਾਂਦਾ ਹੈ।