ਨਸ਼ੇ ਦੀ ਆਦਤ ਦੇ ਸ਼ਿਕਾਰ ਲੋਕਾਂ ਦੀ ਮਦਦ ਲਈ ਸਰਕਾਰ ਨੇ ਮੁਹਿੰਮ ਕੀਤੀ ਸ਼ੁਰੂ : PM ਮੋਦੀ

Sunday, Jul 28, 2024 - 11:46 AM (IST)

ਨਵੀਂ ਦਿੱਲੀ- ਬਜਟ ਤੋਂ ਬਾਅਦ ਅੱਜ ਯਾਨੀ ਐਤਵਾਰ ਪਹਿਲੀ ਵਾਰ 'ਮਨ ਕੀ ਬਾਤ' ਪ੍ਰੋਗਰਾਮ ਦਾ 112ਵਾਂ ਐਪੀਸੋਡ ਆਯੋਜਿਤ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ 'ਚ ਚੱਲ ਰਹੇ ਓਲੰਪਿਕ ਗੇਮਜ਼ 'ਤੇ ਵੀ ਚਰਚਾ ਕੀਤੀ। ਪੀ.ਐੱਮ. ਮੋਦੀ ਨੇ ਕਿਹਾ,''ਦੁਨੀਆ 'ਚ ਪੈਰਿਸ ਓਲੰਪਿਕ ਦੀ ਚਰਚਾ ਹੋ ਰਹੀ ਹੈ। ਅਸੀਂ ਖਿਡਾਰੀਆਂ ਦਾ ਹੌਂਸਲਾ ਵਧਾਉਣਾ ਹੈ। ਨਾਲ ਹੀ ਉਨ੍ਹਾਂ ਨੇ ਹੈਂਡਲੂਮ 'ਤੇ ਵੀ ਚਰਚਾ ਕੀਤੀ। ਹਰ ਸਾਲ 7 ਅਗਸਤ ਨੂੰ ਨੈਸ਼ਨਲ ਹੈਂਡਲੂਮ ਡੇਅ ਮਨਾਇਆ ਜਾਂਦਾ ਹੈ। ਪੀ.ਐੱਮ. ਮੋਦੀ ਨੇ ਕਿਹਾ,''ਆਜ਼ਾਦੀ ਤੋਂ ਪਹਿਲਾਂ ਇਕ ਕੱਪੜਾ ਖਾਦੀ ਦਾ ਜ਼ਰੂਰ ਲਵੋ। ਨਾਲ ਹੀ ਪ੍ਰਧਾਨ ਮੰਤਰੀ ਨੇ 15 ਅਗਸਤ ਦੀ ਸਪੀਚ 'ਚ ਸ਼ਾਮਲ ਵਿਸ਼ਿਆਂ 'ਤੇ ਸੁਝਾਅ ਮੰਗੇ।

ਮਨ ਕੀ ਬਾਤ ਪ੍ਰੋਗਰਾਮ 'ਚ PM ਦੀਆਂ ਅਹਿਮ ਗੱਲਾਂ

1- ਮੈਥਸ ਓਲੰਪਿਆਡ ਜੇਤੂਆਂ ਨਾਲ ਕੀਤੀ ਗੱਲ, ਭਾਰਤ ਨੇ 4 ਗੋਲਡ ਜਿੱਤੇ

ਮਨ ਕੀ ਬਾਤ ਪ੍ਰੋਗਰਾਮ 'ਚ ਪੀ.ਐੱਮ. ਮੋਦੀ ਨੇ ਮੈਥਸ ਓਲੰਪਿਆਡ ਜੇਤੂਆਂ ਨਾਲ ਗੱਲ ਕੀਤੀ। ਇਸ ਸਾਲ ਇੰਗਲੈਂਡ ਦੇ ਬਾਥ 'ਚ 65ਵੇਂ ਇੰਟਰਨੈਸ਼ਨਲ ਮੈਥਸ ਓਲੰਪਿਆਡ ਦਾ ਆਯੋਜਨ ਕੀਤਾ ਗਿਆ ਸੀ। ਇਸ 'ਚ ਭਾਰਤ ਦੇ 6 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਭਾਰਤ ਨੇ ਇਸ ਓਲੰਪਿਆਡ 'ਚ 4 ਗੋਲਡ ਅਤੇ ਇਕ ਸਿਲਵਰ ਮੈਡਲ ਜਿੱਤੇ। ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ 'ਚ ਚਾਰ ਵਿਦਿਆਰਥੀਆਂ ਨਾਲ ਗੱਲ ਕੀਤੀ।

2- ਆਸਾਮ ਮੋਇਦਮ ਦਾ ਜ਼ਿਕਰ ਕੀਤਾ, ਇਹ ਯੂਨੈਸਕੋ ਦੀ ਵਰਲਡ ਹੈਰੀਟੇਜ਼ ਲਿਸਟ 'ਚ ਸ਼ਾਮਲ

ਆਸਾਮ ਮੋਇਦਮ 'ਚ ਅਹੋਮ ਰਾਜਵੰਸ਼ ਦੇ ਟਿੱਲੇ ਵਾਲੇ ਕਬਰਸਤਾਨ ਨੂੰ 26 ਜੁਲਾਈ ਨੂੰ ਯੂਨੈਸਕੋ ਦੀ ਵਰਲਡ ਹੈਰੀਟੇਜ਼ ਲਿਸਟ 'ਚ ਸ਼ਾਮਲ ਕੀਤਾ ਗਿਆ। ਕਲਚਰਲ ਕੈਟੇਗਰੀ 'ਚ ਸ਼ੁਮਾਰ ਮੋਇਦਮ ਭਾਰਤ ਦੀ 43ਵੀਂ ਹੈਰੀਟੇਜ਼ ਸਾਈਟ ਹੈ। ਮੋਇਦਮ, ਅਹੋਮ ਰਾਜਿਆਂ, ਰਾਣੀਆਂ ਅਤੇ ਅਮੀਰਾਂ ਦੀਆਂ ਕਬਰਾਂ ਹਨ। ਮੋਦੀ ਨੇ ਕਿਹਾ- ਤੁਹਾਡੇ ਮਨ 'ਚ ਇਹ ਸਵਾਲ ਜ਼ਰੂਰ ਆ ਰਿਹਾ ਹੋਵੇਗਾ ਕਿ ਆਖਰ ਇਹ ਕੀ ਹੈ। ਇਸ ਦਾ ਨਾਂ ਹੈ ਪਹਾੜੀ 'ਤੇ ਇਕ ਚਮਕਦਾ ਸ਼ਹਿਰ। ਇਹ ਅਹੋਮ ਸਾਮਰਾਜ ਦਾ ਹੈ। ਹੈਰੀਟੇਜ਼ ਸਾਈਟ ਬਣਨ ਤੋਂ ਬਾਅਦ ਇੱਥੇ ਹੋਰ ਵੱਧ ਸੈਲਾਨੀ ਆਉਣਗੇ। ਭਵਿੱਖ 'ਚ ਤੁਸੀਂ ਵੀ ਇੱਥੇ ਜ਼ਰੂਰ ਆਓ। ਆਪਣੀ ਸੰਸਕ੍ਰਿਤੀ 'ਤੇ ਮਾਣ ਕਰਦੇ ਹੀ ਕੋਈ ਦੇਸ਼ ਅੱਗੇ ਵਧ ਸਕਦਾ ਹੈ। 

3- ਟਾਈਗਰ ਡੇਅ 'ਤੇ ਬੋਲੇ- ਰਾਜਸਥਾਨ 'ਚ ਸੁਰੱਖਿਆ ਲਈ ਕਈ ਮੁਹਿੰਮ 

ਪੀ.ਐੱਮ. ਨੇ ਟਾਈਗਰਾਂ ਦੀ ਸੁਰੱਖਿਆ 'ਤੇ ਵੀ ਗੱਲ ਕੀਤੀ। ਪੀ.ਐੱਮ. ਨੇ ਕਿਹਾ,''ਕੱਲ੍ਹ ਦੁਨੀਆ ਭਰ 'ਚ ਟਾਈਗਰ ਡੇਅ ਮਨਾਇਆ ਜਾਵੇਗਾ। ਭਾਰਤ 'ਚ ਟਾਈਗਰ ਸਾਡੀ ਸੰਸਕ੍ਰਿਤੀ ਦਾ ਹਿੱਸਾ ਰਿਹਾ ਹੈ। ਅਸੀਂ ਕਹਾਣੀਆਂ ਸੁਣੀਆਂ ਹਨ। ਜੰਗਲ ਦੇ ਨੇੜੇ-ਤੇੜੇ ਦੇ ਲੋਕ ਟਾਈਗਰ ਨਾਲ ਰਹਿੰਦੇ ਹਨ। ਟਾਈਗਰਾਂ ਦੀ ਸੁਰੱਖਿਆ ਦੀ ਕੋਸ਼ਿਸ਼ ਹੋ ਰਹੀ ਹੈ। ਰਾਜਸਥਾਨ 'ਚ ਕੁਹਾੜੀ ਬੰਦ ਪੰਚਾਇਤ ਮੁਹਿੰਮ ਕਾਫ਼ੀ ਕੰਮ ਕਰ ਰਹੀ ਹੈ। ਸਥਾਨਕ ਲੋਕਾਂ ਨੇ ਸਹੁੰ ਚੁੱਕੀ ਹੈ ਕਿ ਕੁਹਾੜੀ ਨਾਲ ਨਹੀਂ ਜਾਣਗੇ, ਕੋਈ ਦਰੱਖਤ ਨਹੀਂ ਕੱਟਣਗੇ। ਇਸ ਨਾਲ ਟਾਈਗਰਾਂ ਲਈ ਵਾਤਾਵਰਣ ਤਿਆਰ ਹੋ ਰਿਹਾ ਹੈ। 

4- ਖਾਦੀ 'ਤੇ ਮਾਣ ਕਰੋ, ਇਸ ਦਾ ਕਾਰੋਬਾਰ 400 ਫ਼ੀਸਦੀ ਤੱਕ ਵਧਿਆ

ਹੈਂਡਲੂਮ ਨੂੰ ਲੈ ਕੇ ਦੁਨੀਆ ਆਕਰਸ਼ਿਤ ਹੋ ਰਹੀ ਹੈ। ਕਈ ਕੰਪਨੀਆਂ ਤਾਂ ਏ.ਆਈ. ਦੇ ਮਾਧਿਅਮ ਨਾਲ ਇਸ ਨੂੰ ਪ੍ਰਮੋਟ ਕਰ ਰਹੀਆਂ ਹਨ। ਹੈਂਡਲੂਮ ਦੀ ਗੱਲ ਹੋਵੇ ਅਤੇ ਖਾਦੀ 'ਤੇ ਚਰਚਾ ਨਾ ਹੋਵੇ, ਇਹ ਸੰਭਵ ਨਹੀਂ ਹੈ। ਖਾਦੀ ਦਾ ਕਾਰੋਬਾਰ 400 ਫ਼ੀਸਦੀ ਤੱਕ ਵੱਧ ਕੇ ਡੇਢ ਲੱਖ ਕਰੋੜ ਰੁਪਏ ਦਾ ਹੋ ਗਿਆ ਹੈ। ਤੁਹਾਡੇ ਕੋਲ ਬਹੁਤ ਸਾਰੇ ਕੱਪੜੇ ਹੋਣਗੇ। ਆਜ਼ਾਦੀ ਦੇ ਤਿਉਹਾਰ 'ਤੇ ਇਕ ਕੱਪੜਾ ਖਾਦੀ ਦਾ ਜ਼ਰੂਰ ਲਵੋ।

5- 15 ਅਗਸਤ ਨੂੰ ਹਰ ਘਰ ਤਿਰੰਗਾ ਮੁਹਿੰਮ ਤੇਜ਼ੀ ਨਾਲ ਵਧ ਰਹੀ

ਪੀ.ਐੱਮ. ਮੋਦੀ ਨੇ ਕਿਹਾ ਕਿ 15 ਅਗਸਤ ਆਉਣ ਵਾਲੀ ਹੈ। ਹਰ ਘਰ ਤਿਰੰਗਾ ਮੁਹਿੰਮ ਇਸ ਨਾਲ ਜੁੜੀ ਹੈ। ਪਿਛਲੇ ਕੁਝ ਸਾਲਾਂ ਤੋਂ ਇਸ ਮੁਹਿੰਮ ਨਾਲ ਅਮੀਰ-ਗਰੀਬ ਸਭ ਜੁੜੇ ਹਨ। ਲੋਕ ਤਿਰੰਗੇ ਨਾਲ ਸੈਲਫੀ ਪੋਸਟ ਕਰ ਰਹੇ ਹਨ। ਇਸ 'ਚ ਹੁਣ ਤਰ੍ਹਾਂ-ਤਰ੍ਹਾਂ ਦੇ ਇਨੋਵੇਸ਼ਨ ਹੋਣ ਲੱਗੇ ਹਨ। ਹੁਣ ਕਾਰ, ਦਫ਼ਤਰ 'ਚ ਤਿਰੰਗੇ ਲਗਾਏ ਜਾਂਦੇ ਹਨ। ਪਹਿਲੇ ਦੀ ਤਰ੍ਹਾਂ ਇਸ ਸਾਲ ਵੀ ਤੁਸੀਂ ਹਰ ਘਰ ਤਿਰੰਗਾ ਡਾਟ ਕਾਮ 'ਤੇ ਤਿਰੰਗੇ ਨਾਲ ਸੈਲਫ਼ੀ ਅਪਲੋਡ ਕਰੋ। ਤੁਸੀਂ ਇਸ ਸਾਲ ਵੀ ਮੈਨੂੰ ਆਪਣੇ ਸੁਝਾਅ ਭੇਜੋ। ਮੈਂ ਜ਼ਿਆਦਾ ਤੋਂ ਜ਼ਿਆਦਾ ਸੁਝਾਵਾਂ ਨੂੰ 15 ਅਗਸਤ ਦੇ ਸੰਬੋਧਨ 'ਚ ਕਵਰ ਕਰਾਂਗਾ।
ਦੱਸਣਯੋਗ ਹੈ ਕਿ ਮਨ ਕੀ ਬਾਤ ਨੂੰ 22 ਭਾਰਤੀ ਭਾਸ਼ਾਵਾਂ ਅਤੇ 29 ਬੋਲੀਆਂ ਤੋਂ ਇਲਾਵਾ 11 ਵਿਦੇਸ਼ੀ ਭਾਸ਼ਾਵਾਂ 'ਚ ਵੀ ਬ੍ਰਾਡਕਾਸਟ ਕੀਤਾ ਜਾਂਦਾ ਹੈ। ਇਨ੍ਹਾਂ 'ਚ ਫਰੈਂਚ, ਚੀਨੀ, ਇੰਡੋਨੇਸ਼ੀਆ, ਤਿੱਬਤੀ, ਬਰਮੀ, ਬਲੂਚੀ, ਅਰਬੀ, ਪਸ਼ਤੂ, ਫਾਰਸੀ, ਦਾਰੀ ਅਤੇ ਸਵਾਹਿਲੀ ਸ਼ਾਮਲ ਹਨ। ਮਨ ਕੀ ਬਾਤ ਦੀ ਬ੍ਰਾਡਕਾਸਟਿੰਗ ਆਕਾਸ਼ਵਾਣੀ ਦੇ 500 ਤੋਂ ਵੱਧ ਬ੍ਰਾਡਕਾਸਟਿੰਗ ਸੈਂਟਰ ਵਲੋਂ ਕੀਤਾ ਜਾਂਦਾ ਹੈ।

6- ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਜੁੜੀਆਂ ਚਿੰਤਾਵਾਂ 'ਤੇ ਕੀਤੀ ਗੱਲ

ਮਨ ਕੀ ਬਾਤ 'ਚ ਪ੍ਰਧਾਨ ਮੰਤਰੀ ਨੇ ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਜੁੜੀਆਂ ਚਿੰਤਾਵਾਂ 'ਤੇ ਗੱਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਭਾਰਤ ਨੂੰ ਨਸ਼ਾ ਮੁਕਤ ਬਣਾਉਣ ਦੀ ਅਪੀਲ ਕੀਤੀ। ਪੀ.ਐੱਮ. ਮੋਦੀ ਨੇ ਕਿਹਾ ਕਿ ਨਸ਼ੇ ਦੀ ਆਦਤ ਦੇ ਸ਼ਿਕਾਰ ਲੋਕਾਂ ਦੀ ਮਦਦ ਲਈ ਸਰਕਾਰ ਨੇ 'ਮਾਨਸ' ਨਾਮੀ ਮੁਹਿੰਮ ਸ਼ੁਰੂ ਕੀਤੀ ਹੈ, ਜੋ ਨਸ਼ੀਲੇ ਪਦਾਰਥਾਂ ਖ਼ਿਲਾਫ਼ ਲੜਾਈ 'ਚ ਬਹੁਤ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲੇ ਹੀ 'ਮਾਨਸ' ਦੀ ਹੈਲਪਲਾਈਨ ਅਤੇ ਪੋਰਟਲ ਨੂੰ ਲਾਂਚ ਕੀਤਾ ਗਿਆ ਸੀ ਅਤੇ ਸਰਕਾਰ ਨੇ ਇਕ ਟੋਲ ਫ੍ਰੀ ਨੰਬਰ 1933 ਵੀ ਜਾਰੀ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ 'ਤੇ ਫ਼ੋਨ ਕਰ ਕੇ ਕੋਈ ਵੀ ਜ਼ਰੂਰੀ ਸਲਾਹ ਲੈ ਸਕਦਾ ਹੈ ਜਾਂ ਫਿਰ ਮੁੜ ਵਸੇਬੇ ਨਾਲ ਜੁੜੀ ਜਾਣਕਾਰੀ ਹਾਸਲ ਕਰ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਨਸ਼ੀਲੇ ਪਦਾਰਥਾਂ ਨਾਲ ਜੁੜੀ ਜਾਣਕਾਰੀ ਇਸ ਨੰਬਰ 'ਤੇ ਸਾਂਝੀ ਕਰਨ ਦੀ ਅਪੀਲ ਵੀ ਕੀਤੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News