ਕੇਂਦਰ ਨੇ ਵੱਖ-ਵੱਖ ਵਿਭਾਗਾਂ ’ਚ 29 ਜੁਆਇੰਟ ਸਕੱਤਰ ਕੀਤੇ ਨਿਯੁਕਤ

Sunday, Oct 27, 2024 - 03:29 PM (IST)

ਕੇਂਦਰ ਨੇ ਵੱਖ-ਵੱਖ ਵਿਭਾਗਾਂ ’ਚ 29 ਜੁਆਇੰਟ ਸਕੱਤਰ ਕੀਤੇ ਨਿਯੁਕਤ

ਨਵੀਂ ਦਿੱਲੀ (ਭਾਸ਼ਾ)- ਕੇਂਦਰ ਦੀ ਅਫਸਰਸ਼ਾਹੀ ’ਚ ਵੱਡੇ ਫੇਰਬਦਲ ਅਧੀਨ ਵੱਖ-ਵੱਖ ਸਰਕਾਰੀ ਵਿਭਾਗਾਂ ’ਚ 29 ਜੁਆਇੰਟ ਸਕੱਤਰ ਨਿਯੁਕਤ ਕੀਤੇ ਗਏ ਹਨ। ਪ੍ਰਸੋਨਲ ਮੰਤਰਾਲਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਭਾਰਤੀ ਰੱਖਿਆ ਲੇਖਾ ਸੇਵਾ (ਆਈ. ਡੀ. ਏ. ਐੱਸ.), ਭਾਰਤੀ ਰੇਲਵੇ ਦੀ ਇਲੈਕਟ੍ਰੀਕਲ ਇੰਜੀਨੀਅਰਜ਼ ਸੇਵਾ (ਆਈ. ਆਰ. ਐੱਸ. ਈ. ਈ.), ਭਾਰਤੀ ਆਡਿਟ ਅਤੇ ਲੇਖਾ ਸੇਵਾ (ਆਈ. ਈ. ਐਂਡ ਏ. ਐੱਸ.) ਅਤੇ ਭਾਰਤੀ ਰੈਵੇਨਿਊ ਸਰਵਿਸ (ਆਈ. ਆਰ. ਐੱਸ.) ਸਮੇਤ ਵੱਖ-ਵੱਖ ਕੇਂਦਰੀ ਸੇਵਾਵਾਂ ਦੇ ਅਧਿਕਾਰੀਆਂ ਦੀ ਮੁੱਖ ਅਹੁਦਿਆਂ ’ਤੇ ਨਿਯੁਕਤੀ ਕੀਤੀ ਗਈ ਹੈ। ਹੁਕਮਾਂ ’ਚ ਕਿਹਾ ਗਿਆ ਹੈ ਕਿ ਆਈ. ਡੀ. ਏ. ਐੱਸ. ਅਧਿਕਾਰੀ ਪ੍ਰਵੀਨ ਕੁਮਾਰ ਰਾਏ, ਰਾਕੇਸ਼ ਕੁਮਾਰ ਪਾਂਡੇ ਅਤੇ ਆਈ. ਆਰ. ਐੱਸ. ਈ. ਈ. ਅਧਿਕਾਰੀ ਰਾਜੇਸ਼ ਗੁਪਤਾ ਨੂੰ ਗ੍ਰਹਿ ਮੰਤਰਾਲਾ ’ਚ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਦੱਸਿਆ ਗਿਆ ਹੈ ਕਿ ਆਈ. ਏ. ਐਂਡ ਏ. ਐੱਸ. ਅਧਿਕਾਰੀ (1999 ਬੈਚ) ਰਾਜ ਕੁਮਾਰ ਨੂੰ 5 ਸਾਲ ਲਈ ਗ੍ਰਹਿ ਮੰਤਰਾਲਾ ਅਧੀਨ ਕੇਂਦਰੀ ਰਿਜ਼ਰਵ ਪੁਲਸ ਫੋਰਸ ’ਚ ਡਾਇਰੈਕਟਰ (ਵਿੱਤ) ਵਜੋਂ ਨਿਯੁਕਤ ਕੀਤਾ ਗਿਆ ਹੈ। ਹੁਕਮਾਂ ’ਚ ਕਿਹਾ ਗਿਆ ਹੈ ਕਿ ਉੱਤਰ ਪ੍ਰਦੇਸ਼ ਕਾਡਰ ਦੇ 2000 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀ ਦੀਪਕ ਅਗਰਵਾਲ ਨੂੰ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ (ਨੈਫੇਡ) ਦਾ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਆਈ. ਏ. ਐੱਸ. ਅਧਿਕਾਰੀ ਚੌਹਾਨ ਸਰਿਤਾ ਚੰਦ ਤੇ ਪੀ. ਬਾਲਾ ਕਿਰਨ ਨੂੰ ਕ੍ਰਮਵਾਰ ਪ੍ਰਸ਼ਾਸਨਿਕ ਸੁਧਾਰ ਤੇ ਲੋਕ ਸ਼ਿਕਾਇਤ ਵਿਭਾਗ ਅਤੇ ਪ੍ਰਸੋਨਲ ਤੇ ਸਿਖਲਾਈ ਵਿਭਾਗ ’ਚ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਹੁਕਮਾਂ ’ਚ ਕਿਹਾ ਗਿਆ ਹੈ ਕਿ ਆਂਧਰਾ ਪ੍ਰਦੇਸ਼ ਕਾਡਰ ਦੀ 1996 ਬੈਚ ਦੀ ਭਾਰਤੀ ਪੁਲਸ ਸੇਵਾ ਅਧਿਕਾਰੀ ਭਾਵਨਾ ਸਕਸੈਨਾ ਨੂੰ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਅਧੀਨ ਕੇਂਦਰੀ ਅਡਾਪਸ਼ਨ ਰਿਸੋਰਸ ਅਥਾਰਟੀ ’ਚ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।

ਭਾਰਤੀ ਆਰਡਨੈਂਸ ਫੈਕਟਰੀ ਸਰਵਿਸ ਦੇ 1998 ਬੈਚ ਦੇ ਅਧਿਕਾਰੀ ਅੰਜਨ ਕੁਮਾਰ ਮਿਸ਼ਰਾ ਨੂੰ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਅਧੀਨ ਪੈਟਰੋਲੀਅਮ ਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਸਕੱਤਰੇਤ ਸੇਵਾ ਅਧਿਕਾਰੀ ਨੀਰਜ ਕੁਮਾਰ ਨੂੰ ਉੱਤਰੀ-ਪੂਰਬੀ ਖੇਤਰ ਦੇ ਵਿਕਾਸ ਮੰਤਰਾਲਾ ’ਚ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 1995 ਬੈਚ ਦੇ ਆਈ. ਆਰ. ਐੱਸ. (ਇਨਕਮ ਟੈਕਸ ਕਾਡਰ) ਅਧਿਕਾਰੀ ਕੇਸਾਂਗ ਯਾਂਗਜੋਮ ਸ਼ੇਰਪਾ ਕਾਮਰਸ ਵਿਭਾਗ ’ਚ ਸੰਯੁਕਤ ਸਕੱਤਰ ਹੋਣਗੇ। ਪ੍ਰੇਮਜੀਤ ਲਾਲ ਨੂੰ ਭਾਰਤ ਵਪਾਰ ਪ੍ਰੋਤਸਾਹਨ ਸੰਗਠਨ (ਆਈ. ਟੀ. ਪੀ. ਓ.) ਦਾ ਕਾਰਜਕਾਰੀ ਨਿਰਦੇਸ਼ਕ, ਬਾਲਾਮੁਰੂਗਨ ਡੀ. ਨੂੰ ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ’ਚ ਜੁਆਇੰਟ ਸਕੱਤਰ ਤੇ ਰਮਾ ਸ਼ੰਕਰ ਸਿਨ੍ਹਾ ਨੂੰ ਪਸ਼ੂ ਪਾਲਣ ਤੇ ਡੇਅਰੀ ਵਿਭਾਗ ’ਚ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸੀਨੀਅਰ ਨੌਕਰਸ਼ਾਹ ਰਜਤ ਅਗਰਵਾਲ ਅਤੇ ਵੇਦ ਪ੍ਰਕਾਸ਼ ਮਿਸ਼ਰਾ ਨੂੰ ਵਾਤਾਵਰਣ, ਜੰਗਲਾਤ ਤੇ ਪੌਣ-ਪਾਣੀ ਤਬਦੀਲੀ ਮੰਤਰਾਲਾ ’ਚ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News