2 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਰੱਖਿਆ ਖਰੀਦ ਸੌਦਿਆਂ ਨੂੰ ਮਨਜ਼ੂਰੀ
Monday, Sep 28, 2020 - 06:10 PM (IST)
ਨਵੀਂ ਦਿੱਲੀ- ਸਰਕਾਰ ਨੇ ਮੋਹਰੀ ਮੋਰਚਿਆਂ 'ਤੇ ਤਾਇਨਾਤ ਫੌਜ ਦੇ ਜਵਾਨਾਂ ਲਈ ਆਧੁਨਿਕ ਰਾਈਫਲ ਅਤੇ ਫੌਜ ਤੇ ਹਵਾਈ ਫੌਜ ਲਈ ਸੰਚਾਰ ਯੰਤਰਾਂ ਸਮੇਤ ਹੋਰ ਹਥਿਆਰਾਂ ਦੀ ਖਰੀਦ ਨਾਲ ਸੰਬੰਧਤ 2290 ਕਰੋੜ ਰੁਪਏ ਦੇ ਰੱਖਿਆ ਸੌਦਿਆਂ ਨੂੰ ਅੱਜ ਯਾਨੀ ਸੋਮਵਾਰ ਨੂੰ ਮਨਜ਼ੂਰੀ ਦਿੱਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ 'ਚ ਇੱਥੇ ਹੋਈ ਰੱਖਿਆ ਖਰੀਦ ਕੌਂਸਲ ਦੀ ਬੈਠਕ 'ਚ ਇਨ੍ਹਾਂ ਸੌਦਿਆਂ ਨਾਲ ਸੰਬੰਧਤ ਪ੍ਰਸਤਾਵਾਂ ਨੂੰ ਹਰੀ ਝੰਡੀ ਦਿਖਾਈ ਗਈ। ਇਹ ਖਰੀਦ ਘਰੇਲੂ ਰੱਖਿਆ ਉਦਯੋਗ ਅਤੇ ਵਿਦੇਸ਼ ਵਿਕਰੇਤਾਵਾਂ ਦੋਹਾਂ ਤੋਂ ਕੀਤੀ ਜਾਵੇਗੀ। ਕੌਂਸਲ ਨੇ 'ਬਾਏ (ਖਰੀਦ) ਇੰਡੀਆ (ਆਈ.ਡੀ.ਡੀ.ਐੱਮ.) ਸ਼੍ਰੇਣੀ ਲਈ ਸਟੇਟਿਕ ਐੱਚ.ਐੱਫ. ਟਰਾਂਸ ਰਿਸੀਵਰ ਸੈੱਟ ਅਤੇ ਸਮਾਰਟ ਐਂਟੀ ਏਅਰਫੀਲਡ ਵੇਪਨ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ।
ਐੱਚ.ਐੱਫ. ਰੇਡੀਓ ਸੈੱਟ ਫੌਜ ਅਤੇ ਹਵਾਈ ਫੌਜ ਦੀਆਂ ਫੀਲਡ ਯੂਨਿਟਾਂ ਲਈ ਬਿਨਾਂ ਰੁਕਾਵਟ ਸੰਚਾਰ ਸਹੂਲਤ ਉਪਲੱਬਧ ਕਰਵਾਏਗੀ ਅਤੇ ਇਨ੍ਹਾਂ 'ਤੇ 540 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਸਮਾਰਟ ਐਂਟੀ ਏਅਰਫੀਲਡ ਵੇਪਨ ਦੀ ਖਰੀਦ 'ਤੇ ਕਰੀਬ 970 ਕਰੋੜ ਰੁਪਏ ਦੀ ਲਾਗਤ ਆਏਗੀ ਅਤੇ ਇਸ ਨਾਲ ਜਲ ਸੈਨਾ ਅਤੇ ਹਵਾਈ ਫੌਜ ਦੀ ਮਾਰਕ ਸਮਰੱਥਾ ਵੱਧ ਮਜ਼ਬੂਤ ਬਣੇਗੀ। ਰੱਖਿਆ ਖਰੀਦ ਕੌਂਸਲ ਨੇ ਫੌਜ ਦੇ ਮੋਹਰੀ ਮੋਰਚਿਆਂ 'ਤੇ ਤਾਇਨਾਤ ਜਵਾਨਾਂ ਲਈ 780 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਅਸਾਲਟ ਰਾਈਫਲ ਦੀ ਖਰੀਦ ਦੇ ਸੌਦੇ ਨੂੰ ਵੀ ਮਨਜ਼ੂਰੀ ਦਿੱਤੀ ਹੈ।