ਸਰਕਾਰ ਦਾ ਨਿਰਦੇਸ਼ : 3 ਕੈਂਸਰ ਰੋਕੂ ਦਵਾਈਆਂ ਦੀਆਂ ਕੀਮਤਾਂ ਘਟਾਉਣ ਕੰਪਨੀਆਂ
Wednesday, Oct 30, 2024 - 11:00 AM (IST)
ਨਵੀਂ ਦਿੱਲੀ (ਭਾਸ਼ਾ)- ਕੈਂਸਰ ਦੇ ਮਰੀਜ਼ਾਂ ਨੂੰ ਆਉਣ ਵਾਲੇ ਦਿਨਾਂ ’ਚ ਦਵਾਈਆਂ ਦੇ ਖਰਚਿਆਂ ਤੋਂ ਕੁਝ ਰਾਹਤ ਮਿਲਣ ਦੇ ਆਸਾਰ ਹਨ। ਸਰਕਾਰ ਨੇ ਦਵਾਈ ਕੰਪਨੀਆਂ ਨੂੰ ਕੈਂਸਰ ਰੋਕੂ 3 ਦਵਾਈਆਂ-ਟ੍ਰੈਸਟੁਜੁਮੈਬ, ਓਸਿਮਟਰਿਨਿਬ ਅਤੇ ਡੁਰਵਾਲੂਮੈਬ ’ਤੇ ਵੱਧ ਤੋਂ ਵੱਧ ਖੁਦਰਾ ਮੁੱਲ (ਐੱਮ. ਆਰ. ਪੀ.) ਘੱਟ ਕਰਨ ਦਾ ਨਿਰਦੇਸ਼ ਦਿੱਤਾ ਹੈ। ਸਰਕਾਰ ਦੇ ਇਸ ਨਿਰਦੇਸ਼ ਦੇ ਪਿੱਛੇ ਮਕਸਦ ਇਹ ਹੈ ਕਿ ਕਸਟਮ ਡਿਊਟੀ ਛੋਟ ਅਤੇ ਜੀ. ਐੱਸ. ਟੀ. ਕਟੌਤੀ ਦਾ ਲਾਭ ਖਪਤਕਾਰਾਂ ਤੱਕ ਪਹੁੰਚਾਇਆ ਜਾ ਸਕੇ। ਦਵਾਈਆਂ ਦੀ ਸਸਤੀ ਕੀਮਤ ’ਤੇ ਉਪਲਬਧਤਾ ਯਕੀਨੀ ਕਰਨ ਦੀ ਸਰਕਾਰ ਦੀ ਪ੍ਰਤੀਬੱਧਤਾ ਅਨੁਸਾਰ ਨੈਸ਼ਨਲ ਡਰੱਗ ਪ੍ਰਾਈਜ਼ਿੰਗ ਅਥਾਰਟੀ (ਐੱਨ. ਪੀ. ਪੀ. ਏ.) ਨੇ ਇਕ ਦਫਤਰੀ ਬਿਆਨ ਜਾਰੀ ਕੀਤਾ ਹੈ।
3 ਦਵਾਈਆਂ ’ਤੇ ਕਸਟਮ ਡਿਊਟੀ ਘਟਾ ਕੇ ਜ਼ੀਰੋ ਕੀਤੀ ਗਈ
ਰਸਾਇਣ ਤੇ ਖਾਦ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਇਹ ਸਾਲ 2024-25 ਦੇ ਕੇਂਦਰੀ ਬਜਟ ’ਚ ਕੀਤੇ ਗਏ ਐਲਾਨ ਦੇ ਅਨੁਸਾਰ ਹੈ, ਜਿਸ ’ਚ ਇਨ੍ਹਾਂ 3 ਕੈਂਸਰ ਰੋਕੂ ਦਵਾਈਆਂ ਨੂੰ ਕਸਟਮ ਡਿਊਟੀ ਤੋਂ ਛੋਟ ਦਿੱਤੀ ਗਈ ਹੈ। ਵਿੱਤ ਮੰਤਰਾਲਾ ਦੇ ਮਾਲੀਆ ਵਿਭਾਗ ਨੇ ਇਸ ਸਾਲ 23 ਜੁਲਾਈ ਨੂੰ ਇਕ ਨੋਟਿਫਿਕੇਸ਼ਨ ਜਾਰੀ ਕਰ ਕੇ 3 ਦਵਾਈਆਂ ’ਤੇ ਕਸਟਮ ਡਿਊਟੀ ਘਟਾ ਕੇ ਜ਼ੀਰੋ ਕਰ ਦਿੱਤੀ। ਮੰਤਰਾਲਾ ਨੇ ਕਿਹਾ ਕਿ ਇਸ ਦੇ ਅਨੁਸਾਰ ਬਾਜ਼ਾਰ ’ਚ ਇਨ੍ਹਾਂ ਦਵਾਈਆਂ ਦੀ ਐੱਮ. ਆਰ. ਪੀ. ’ਚ ਕਮੀ ਹੋਣੀ ਚਾਹੀਦੀ ਅਤੇ ਟੈਕਸ ਅਤੇ ਡਿਊਟੀਆਂ ’ਚ ਕਮੀ ਦਾ ਲਾਭ ਖਪਤਕਾਰਾਂ ਨੂੰ ਦਿੱਤਾ ਜਾਣਾ ਚਾਹੀਦਾ।
ਪ੍ਰਾਈਜ਼ ਲਿਸਟ ਜਾਂ ਪੂਰਕ ਮੁੱਲ ਸੂਚੀ ਜਾਰੀ ਕਰਨੀ ਪਵੇਗੀ
ਰਸਾਇਣ ਅਤੇ ਖਾਦ ਮੰਤਰਾਲਾ ਨੇ ਕਿਹਾ ਕਿ ਨਿਰਮਾਤਾਵਾਂ ਨੂੰ ਡੀਲਰਾਂ, ਸੂਬਾ ਔਸ਼ਧੀ ਕੰਟ੍ਰੋਲਰਾਂ ਅਤੇ ਸਰਕਾਰ ਨੂੰ ਪ੍ਰਾਈਜ਼ ਲਿਸਟ ਜਾਂ ਪੂਰਕ ਮੁੱਲ ਸੂਚੀ ਜਾਰੀ ਕਰਨੀ ਪਵੇਗੀ, ਜਿਸ ’ਚ ਤਬਦੀਲੀ ਦਾ ਸੰਕੇਤ ਹੋਵੇ ਅਤੇ ਕੀਮਤ ਤੈਅ ਕਰਨ ਬਾਰੇ ਨੈਸ਼ਨਲ ਡਰੱਗ ਪ੍ਰਾਈਜ਼ਿੰਗ ਅਥਾਰਟੀ ਨੂੰ ਜਾਣਕਾਰੀ ਦੇਣੀ ਪਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਲੋਕ ਸਭਾ ’ਚ 2024-25 ਲਈ ਕੇਂਦਰੀ ਬਜਟ ਪੇਸ਼ ਕਰਦੇ ਹੋਏ ਟ੍ਰੈਸਟੁਜੁਮੈਬ, ਓਸਿਮਟਰਿਨਿਬ ਅਤੇ ਡੁਰਵਾਲੂਮੈਬ ’ਤੇ ਕਸਟਮ ਡਿਊਟੀ ਨੂੰ 10 ਫੀਸਦੀ ਤੋਂ ਘਟਾ ਕੇ ਜ਼ੀਰੋ ਕਰਨ ਦਾ ਮਤਾ ਰੱਖਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8