ਸਤਵੰਤ ਅਟਵਾਲ ਤ੍ਰਿਵੇਦੀ ਬਣੇ ਹਿਮਾਚਲ ਦੇ ਕਾਰਜਕਾਰੀ DGP, ਨੋਟੀਫਿਕੇਸ਼ਨ ਜਾਰੀ
Wednesday, Jan 03, 2024 - 01:47 PM (IST)
ਸ਼ਿਮਲਾ- ਸੂਬਾ ਸਰਕਾਰ ਨੇ ਮੰਗਲਵਾਰ ਨੂੰ ਸੀਨੀਅਰ ਆਈ.ਪੀ.ਐੱਸ. ਸੰਜੇ ਕੁੰਡੂ ਨੂੰ ਡੀ.ਜੀ.ਪੀ. ਅਹੁਦੇ ਤੋਂ ਹਟਾਉਣ ਤੋਂ ਬਾਅਦ ਦੇਰ ਸ਼ਾਮ ਨੰ 1996 ਬੈਚ ਦੀ ਮਹਿਲਾ ਆਈ.ਪੀ.ਐੱਸ. ਅਧਿਕਾਰੀ ਏ.ਡੀ.ਜੀ. ਵਿਜੀਲੈਂਸ ਅਤੇ ਸੀ.ਆਈ.ਡੀ. ਸਤਵੰਤ ਅਟਵਾਲ ਨੂੰ ਕਾਰਜਕਾਰੀ ਡੀ.ਜੀ.ਪੀ. ਦਾ ਕਾਰਜਭਾਰ ਸੌਂਪਿਆ ਹੈ। ਇਸ ਬਾਰੇ ਮੁੱਖ ਸਕੱਤਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਜਦੋਂ ਸੀਨੀਅਰ ਆਈ.ਪੀ.ਐੱਸ. ਕੁੰਡੂ ਛੁੱਟੀ ’ਤੇ ਚਲੇ ਗਏ ਸਨ ਤਾਂ ਸੁੱਖੂ ਸਰਕਾਰ ਨੇ ਸਤਵੰਤ ਅਟਵਾਲ ਨੂੰ ਕਾਰਜਕਾਰੀ ਡੀ.ਜੀ.ਪੀ. ਦਾ ਚਾਰਜ ਦਿੱਤਾ ਸੀ।
ਦੇਖਿਆ ਜਾਵੇ ਤਾਂ ਸੂਬੇ ਦੇ ਪੁਲਸ ਮੁਖੀ ਦੇ ਅਹੁਦੇ ਦੀ ਦੌੜ ਵਿੱਚ ਕਈ ਆਈ.ਪੀ.ਐੱਸ ਅਫ਼ਸਰਾਂ ਦੇ ਨਾਂ ਵੀ ਸ਼ਾਮਲ ਦੱਸੇ ਜਾ ਰਹੇ ਹਨ। ਹਾਲਾਂਕਿ ਜੇਕਰ ਸੀਨੀਆਰਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਂਦਾ ਹੈ ਤਾਂ 1998 ਬੈਚ ਦੇ ਆਈ.ਪੀ.ਐੱਸ. ਡੀਜੀ ਜੇਲ੍ਹ ਐੱਸ.ਆਰ. ਓਝਾ ਨੂੰ ਸੂਬਾ ਪੁਲਸ ਦਾ ਮੁਖੀ ਬਣਾਇਆ ਜਾ ਸਕਦਾ ਹੈ। ਓਝਾ ਤੋਂ ਬਾਅਦ ਸੀਨੀਆਰਤਾ ਵਿੱਚ 1990 ਬੈਚ ਦੇ ਆਈ.ਪੀ.ਐੱਸ. ਸ਼ਿਆਮ ਭਗਤ ਨੇਗੀ ਦਾ ਨਾਂ ਆਉਂਦਾ ਹੈ, ਜੋ ਕੇਂਦਰੀ ਡੈਪੂਟੇਸ਼ਨ ’ਤੇ ਹਨ। ਉਨ੍ਹਾਂ ਤੋਂ ਬਾਅਦ ਸੂਚੀ ਵਿੱਚ 1991 ਬੈਚ ਦੇ ਆਈ.ਪੀ.ਐੱਸ. ਡਾ. ਅਤੁਲ ਵਰਮਾ, 1993 ਬੈਚ ਦੇ ਅਨੁਰਾਗ ਗਰਗ ਦੇ ਨਾਂ ਸਾਹਮਣੇ ਆਉਂਦੇ ਹਨ। ਇਹ ਦੋਵੇਂ ਅਧਿਕਾਰੀ ਕੇਂਦਰੀ ਡੈਪੂਟੇਸ਼ਨ ਤੋਂ ਵਾਪਸ ਆਏ ਹਨ। ਅਸ਼ੋਕ ਤਿਵਾਰੀ ਅਤੇ ਰਿਤਵਿਕ ਰੁਦਰ ਵੀ ਇਸੇ ਬੈਚ ਦੇ ਹਨ। 1994 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਰਾਕੇਸ਼ ਅਗਰਵਾਲ ਵੀ ਕੇਂਦਰ ਤੋਂ ਵਾਪਸ ਆ ਗਏ ਹਨ।