ਗੋਰਖਪੁਰ ਆਕਸੀਜਨ ਕਾਂਡ : 60 ਬੱਚਿਆਂ ਦੀ ਮੌਤ ''ਤੇ ਆਈ ਰਿਪੋਰਟ, ਡਾ. ਕਫੀਲ ਨਿਰਦੋਸ਼
Friday, Sep 27, 2019 - 12:19 PM (IST)

ਗੋਰਖਪੁਰ— ਗੋਰਖਪੁਰ ਆਕਸੀਜਨ ਕਾਂਡ 'ਚ ਮੁਅੱਤਲ ਡਾਕਟਰ ਕਫੀਲ ਖਾਨ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਯੂ.ਪੀ. ਦੇ ਗੋਰਖਪੁਰ ਦੇ ਬੀ.ਆਰ.ਡੀ. ਮੈਡੀਕਲ ਕਾਲਜ 'ਚ ਅਗਸਤ 2017 'ਚ ਆਕਸੀਜਨ ਦੀ ਕਮੀ ਨਾਲ 60 ਬੱਚਿਆਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇਸ ਮਾਮਲੇ 'ਚ ਡਾਕਟਰ ਕਫੀਲ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਪ੍ਰਮੁੱਖ ਸਕੱਤਰ ਖਣਿਜ ਅਤੇ ਭੂਗੋਲ ਵਿਭਾਗ ਦੀ ਅਗਵਾਈ ਹੋਈ ਜਾਂਚ ਤੋਂ ਬਾਅਦ ਡਾਕਟਰ ਕਫੀਲ 'ਤੇ ਲਗਾਏ ਗਏ ਦੋਸ਼ਾਂ 'ਚ ਸੱਚਾਈ ਨਹੀਂ ਪਾਈ ਗਈ। ਜਾਂਚ ਦੀ ਰਿਪੋਰਟ ਵੀਰਵਾਰ ਨੂੰ ਬੀ.ਆਰ.ਡੀ. ਅਧਿਕਾਰੀਆਂ ਨੇ ਕਫੀਲ ਨੂੰ ਦਿੱਤੀ। ਜ਼ਿਕਰਯੋਗ ਹੈ ਕਿ ਗੋਰਖਪੁਰ ਆਕਸੀਜਨ ਕਾਂਡ 'ਚ ਲੱਗੇ ਦੋਸ਼ ਲਈ ਕਫੀਲ ਨੂੰ 9 ਮਹੀਨੇ ਜੇਲ 'ਚ ਬਿਤਾਉਣੇ ਪਏ ਸਨ। ਇਸ ਤੋਂ ਬਾਅਦ ਉਹ ਜ਼ਮਾਨਤ 'ਤੇ ਸਨ। ਹਾਲਾਂਕਿ ਹਾਲੇ ਤੱਕ ਉਹ ਸਸਪੈਂਡ ਚੱਲ ਰਹੇ ਸਨ। ਡਾ. ਕਫੀਲ ਨੇ ਇਸ ਮਾਮਲੇ 'ਚ ਸੀ.ਬੀ.ਆਈ. ਜਾਂਚ ਦੀ ਵੀ ਮੰਗ ਕੀਤੀ ਸੀ।
ਇਸ ਮਾਮਲੇ 'ਚ ਜਾਂਚ ਅਧਿਕਾਰੀ ਹਿਮਾਂਸ਼ੂ ਕੁਮਾਰ, ਪ੍ਰਮੁੱਖ ਸਕੱਤਰ (ਟਿਕਟ ਅਤੇ ਰਜਿਸਟਰੇਸ਼ਨ ਵਿਭਾਗ) ਨੂੰ ਯੂ.ਪੀ. ਦੇ ਮੈਡੀਕਲ ਸਿੱਖਿਆ ਵਿਭਾਗ ਨੇ 18 ਅਪ੍ਰੈਲ ਨੂੰ ਰਿਪੋਰਟ ਸੌਂਪੀ ਸੀ। ਇਸ ਰਿਪੋਰਟ 'ਚ ਕਿਹਾ ਗਿਆ ਸੀ ਕਿ ਕਫੀਲ ਨੇ ਲਾਪਰਵਾਹੀ ਨਹੀਂ ਕੀਤੀ ਸੀ ਅਤੇ ਉਸ ਰਾਤ (10-11 ਅਗਸਤ 2017) ਸਥਿਤੀ 'ਤੇ ਕਾਬੂ ਪਾਉਣ ਲਈ ਸਾਰੀਆਂ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਜਾਂਚ ਦੀ ਰਿਪੋਰਟ ਅਨੁਸਾਰ ਡਾ. ਕਫੀਲ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਆਕਸਜੀਨ ਦੀ ਕਮੀ ਬਾਰੇ ਪਹਿਲਾਂ ਹੀ ਦੱਸ ਚੁਕੇ ਸਨ। ਇਸ ਤੋਂ ਇਲਾਵਾ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਉਦੋਂ ਕਫੀਲ ਬੀ.ਆਰ.ਡੀ. 'ਚ ਇੰਸੇਫੇਲਾਈਟਿਸ ਵਾਰਡ ਦੇ ਨੋਇਲ ਮੈਡੀਕਲ ਅਫ਼ਸਰ ਇੰਚਾਰਜ ਨਹੀਂ ਸਨ।
ਇਹ ਹੈ ਮਾਮਲਾ
ਗੋਰਖਪੁਰ ਦੇ ਬੀ.ਆਰ.ਡੀ. ਮੈਡੀਕਲ ਕਾਲਜ 'ਚ ਆਕਸੀਜਨ ਦੀ ਕਮੀ ਕਾਰਨ 5 ਦਿਨਾਂ 'ਚ 60 ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਡਾ. ਕਫੀਲ ਸਮੇਤ 9 ਲੋਕਾਂ 'ਤੇ ਦੋਸ਼ ਸੀ।