ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਜਲਦ ਸ਼ੁਰੂ ਹੋਵੇਗੀ ਦਿੱਲੀ-ਕਟਰਾ ਐਕਸਪ੍ਰੈੱਸ ਟਰੇਨ

Friday, Oct 09, 2020 - 04:08 PM (IST)

ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਜਲਦ ਸ਼ੁਰੂ ਹੋਵੇਗੀ ਦਿੱਲੀ-ਕਟਰਾ ਐਕਸਪ੍ਰੈੱਸ ਟਰੇਨ

ਬਿਜ਼ਨੈੱਸ ਡੈਸਕ—ਕੋਰੋਨਾ ਸੰਕਟ ਦੇ ਦੌਰਾਨ ਮਾਤਾ ਵੈਸ਼ਣੋ ਦੇਵੀ ਦੇ ਭਗਤਾਂ ਲਈ ਚੰਗੀ ਖ਼ਬਰ ਹੈ। ਇੰਡੀਅਨ ਰੇਲਵੇ ਛੇਤੀ ਹੀ ਦਿੱਲੀ-ਕਟਰਾ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਨੂੰ ਬਹਾਲ ਕਰ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਵੈਸ਼ਣੋ ਦੇਵੀ ਦੀ ਯਾਤਰਾ ਲਈ ਸਫਰ ਬੇਹੱਦ ਆਸਾਨ ਹੋ ਜਾਵੇਗਾ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਦਿੱਲੀ ਤੋਂ ਕਟਰਾ ਜਾਣ ਵਾਲੇ ਵੰਦੇ ਭਾਰਤ ਟਰੇਨ ਸੇਵਾ ਛੇਤੀ ਬਹਾਲ ਕੀਤੀ ਜਾਵੇਗੀ। 
ਕੇਂਦਰੀ ਮੰਤਰੀ ਨੇ ਦੱਸਿਆ ਕਿ ਨੌਰਾਤਿਆਂ ਤੋਂ ਪਹਿਲਾਂ ਜੰਮੂ-ਕਸ਼ਮੀਰ 'ਚ ਕਟਰਾ ਦੇ ਲਈ ਟਰੇਨ ਸੇਵਾ ਬਹਾਲ ਕਰਨ 'ਤੇ ਰੇਲ ਮੰਤਰੀ ਪੀਊਸ਼ ਗੋਇਲ ਦੇ ਨਾਲ ਚਰਚਾ ਕੀਤੀ ਗਈ। ਸਿੰਘ ਨੇ ਟਵੀਟ ਕੀਤਾ ਕਿ ਰੇਲ ਮੰਤਰੀ ਪੀਊਸ਼ ਗੋਇਲ ਨਾਲ ਦਿੱਲੀ-ਕਟਰਾ (ਵੈਸ਼ਣੋ ਦੇਵੀ) ਵੰਦੇ ਭਾਰਤ ਐਕਸਪ੍ਰੈੱਸ ਸੇਵਾ ਬਹਾਲ ਕਰਨ ਨੂੰ ਲੈ ਕੇ ਚਰਚਾ ਕੀਤੀ। ਨੌਰਾਤਿਆਂ 'ਚ ਪਵਿੱਤਰ ਸਥਾਨ 'ਤੇ ਜਾਣ ਦੀ ਯੋਜਨਾ ਬਣਾ ਰਹੇ ਦੇਸ਼ ਭਰ ਦੇ ਸ਼ਰਧਾਲੂਆਂ ਲਈ ਇਹ ਜਾਣਕਾਰੀ ਖ਼ੁਸ਼ ਕਰਨ ਵਾਲੀ ਹੈ। 

PunjabKesari
ਕਾਰਮਿਕ ਸੂਬਾ ਮੰਤਰੀ ਸਿੰਘ ਜੰਮੂ-ਕਸ਼ਮੀਰ ਦੀ ਉਦਮਪੁਰ ਸੀਟ ਤੋਂ ਲੋਕ ਸਭਾ ਸੰਸਦ ਹਨ। ਦੇਸ਼ 'ਚ ਕੋਰੋਨਾ ਵਾਇਰਸ ਦੇ ਕਾਰਨ ਮਾਰਚ 'ਚ ਰੇਲ ਸੇਵਾਵਾਂ ਬੰਦ ਹੋ ਗਈਆਂ ਸਨ, ਜਿਨ੍ਹਾਂ ਨੂੰ ਹੁਣ ਚਰਨਬੰਦ ਤਰੀਕੇ ਨਾਲ ਬਹਾਲ ਕੀਤਾ ਜਾ ਰਿਹਾ ਹੈ। ਨਵੀਂ ਦਿੱਲੀ-ਕਟਰਾ ਵੰਦੇ ਭਾਰਤ ਐਕਸਪ੍ਰੈੱਸ ਨੇ ਪਿਛਲੇ ਸਾਲ ਅਕਤੂਬਰ 'ਚ ਸੰਚਾਲਨ ਸ਼ੁਰੂ ਕੀਤਾ ਸੀ। ਐਕਸਪ੍ਰੈੱਸ ਨੇ ਦਿੱਲੀ ਅਤੇ ਕਟਰਾ ਦੇ ਵਿਚਕਾਰ ਯਾਤਰਾ ਦੇ ਸਮੇਂ 'ਚ ਕਟੌਤੀ ਕੀਤੀ ਹੈ। ਇਸ ਹਾਈ ਸਪੀਡ ਟਰੇਨ ਦੇ ਚੱਲਣ ਨਾਲ ਦਿੱਲੀ ਅਤੇ ਕਟਰਾ ਦੇ ਵਿਚਕਾਰ ਯਾਤਰਾ ਦਾ ਸਮਾਂ 12 ਘੰਟੇ ਤੋਂ ਘੱਟ ਕੇ ਅੱਠ ਘੰਟੇ ਰਹਿ ਗਿਆ ਹੈ। 
ਪਹਿਲੀ ਨਵੀਂ ਦਿੱਲੀ-ਵਾਰਾਣਸੀ ਸੈਮੀ-ਹਾਈ ਸਪੀਡ ਵੰਦੇ ਭਾਰਤ ਐਕਸਪ੍ਰੈੱਸ, ਜਿਸ ਨੂੰ ਟਰੇਨ 18 ਦੇ ਰੂਪ 'ਚ ਜਾਣਿਆ ਜਾਂਦਾ ਹੈ, ਫਰਵਰੀ 2019 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਚ ਕੀਤਾ ਸੀ। ਇਸ ਦੌਰਾਨ ਹੁਣ ਤਿਓਹਾਰੀ ਸੀਜ਼ਨ ਦੇ ਕਾਰਨ ਵੱਧਦੀ ਮੰਗ ਨੂੰ ਦੇਖਦੇ ਹੋਏ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਟਿਡ 17 ਅਕਤੂਬਰ ਤੋਂ ਤੇਜਸ ਐਕਸਪ੍ਰੈੱਸ ਟਰੇਨਾਂ ਦੇ ਸੰਚਾਲਨ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਤਿਆਰ ਹੈ।


author

Aarti dhillon

Content Editor

Related News