Gold ਤੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ! ਇੰਪੋਰਟ ਡਿਊਟੀ ਵਧਣ ਕਾਰਨ ਅਸਮਾਨੀ ਚੜੇ ਭਾਅ
Wednesday, May 13, 2026 - 04:53 PM (IST)
ਨਵੀਂ ਦਿੱਲੀ : ਭਾਰਤ ਸਰਕਾਰ ਵੱਲੋਂ ਕੀਮਤੀ ਧਾਤਾਂ 'ਤੇ ਆਯਾਤ ਡਿਊਟੀ (Import Duty) 'ਚ ਕੀਤੇ ਗਏ ਭਾਰੀ ਵਾਧੇ ਤੋਂ ਬਾਅਦ ਸਥਾਨਕ ਬਾਜ਼ਾਰ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਬੁੱਧਵਾਰ ਨੂੰ ਦਿੱਲੀ ਦੇ ਬਾਜ਼ਾਰ 'ਚ ਸੋਨੇ ਦੀ ਕੀਮਤ 8,550 ਰੁਪਏ ਦੇ ਉਛਾਲ ਨਾਲ 1,65,350 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ਤੱਕ ਪਹੁੰਚ ਗਈ। ਇਸੇ ਤਰ੍ਹਾਂ ਚਾਂਦੀ ਦੀਆਂ ਕੀਮਤਾਂ 'ਚ ਵੀ 20,500 ਰੁਪਏ ਦਾ ਵੱਡਾ ਵਾਧਾ ਦੇਖਿਆ ਗਿਆ, ਜਿਸ ਨਾਲ ਇਹ 2,97,500 ਰੁਪਏ ਪ੍ਰਤੀ ਕਿਲੋ 'ਤੇ ਜਾ ਪਹੁੰਚੀ।
ਡਿਊਟੀ 'ਚ ਵਾਧਾ ਤੇ ਸਰਕਾਰ ਦਾ ਤਰਕ
ਸਰਕਾਰ ਨੇ ਸੋਨੇ ਅਤੇ ਚਾਂਦੀ 'ਤੇ ਇੰਪੋਰਟ ਡਿਊਟੀ ਨੂੰ ਪਹਿਲਾਂ ਦੇ 6 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਪਲੈਟੀਨਮ 'ਤੇ ਡਿਊਟੀ 6.4 ਫੀਸਦੀ ਤੋਂ ਵਧਾ ਕੇ 15.4 ਫੀਸਦੀ ਕਰ ਦਿੱਤੀ ਗਈ ਹੈ। ਇਹ ਨਵੀਆਂ ਦਰਾਂ ਬੁੱਧਵਾਰ ਤੋਂ ਹੀ ਪ੍ਰਭਾਵੀ ਹੋ ਗਈਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਪੱਛਮੀ ਏਸ਼ੀਆ ਦੇ ਸੰਕਟ ਅਤੇ ਵਧਦੇ ਆਯਾਤ ਬਿੱਲ ਦੇ ਮੱਦੇਨਜ਼ਰ ਗੈਰ-ਜ਼ਰੂਰੀ ਖਰੀਦਦਾਰੀ ਨੂੰ ਘਟਾਉਣ ਅਤੇ ਵਿਦੇਸ਼ੀ ਮੁਦਰਾ ਦੇ ਨਿਕਾਸ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਲਈ ਸੋਨੇ ਦੀ ਖਰੀਦ ਵਿੱਚ ਕਟੌਤੀ ਕਰਨ ਦਾ ਸੱਦਾ ਦਿੱਤਾ ਸੀ।
ਰੁਪਏ ਦੀ ਗਿਰਾਵਟ ਤੇ ਤੇਲ ਦੀਆਂ ਕੀਮਤਾਂ ਦਾ ਅਸਰ
ਬਾਜ਼ਾਰ ਵਿਸ਼ਲੇਸ਼ਕਾਂ ਅਨੁਸਾਰ, ਰੁਪਏ ਦੀ ਕਮਜ਼ੋਰੀ ਨੇ ਵੀ ਕੀਮਤੀ ਧਾਤਾਂ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕੀਤਾ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 95.80 ਦੇ ਰਿਕਾਰਡ ਹੇਠਲੇ ਪੱਧਰ 'ਤੇ ਡਿੱਗ ਗਿਆ ਹੈ। ਕੱਚੇ ਤੇਲ ਦੀਆਂ ਕੀਮਤਾਂ (Brent crude) ਵੀ ਕੌਮਾਂਤਰੀ ਬਾਜ਼ਾਰ ਵਿੱਚ 107 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਰਹਿਣ ਕਾਰਨ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ 'ਤੇ ਦਬਾਅ ਬਣਿਆ ਹੋਇਆ ਹੈ। ਭਾਰਤ ਦੁਨੀਆ ਵਿੱਚ ਸੋਨੇ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਹੈ ਅਤੇ ਕੱਚੇ ਤੇਲ ਤੋਂ ਬਾਅਦ ਸੋਨਾ ਭਾਰਤ ਦਾ ਦੂਜਾ ਸਭ ਤੋਂ ਵੱਡਾ ਆਯਾਤ ਹੋਣ ਵਾਲਾ ਉਤਪਾਦ ਹੈ।
'ਜੈਮ ਐਂਡ ਜਵੈਲਰੀ ਐਕਸਪੋਰਟ ਪ੍ਰਮੋਸ਼ਨ ਕੌਂਸਲ' (GJEPC) ਨੇ ਚਿਤਾਵਨੀ ਦਿੱਤੀ ਹੈ ਕਿ ਡਿਊਟੀ ਵਧਾਉਣ ਨਾਲ ਆਯਾਤ ਵਿੱਚ ਕਮੀ ਆਉਣ ਦੀ ਬਜਾਏ ਸਿਰਫ ਕੀਮਤਾਂ ਵਿੱਚ ਹੀ ਵਾਧਾ ਹੋਵੇਗਾ। ਜਵੈਲਰੀ ਕਾਰੋਬਾਰੀਆਂ ਦਾ ਸੁਝਾਅ ਹੈ ਕਿ ਡਿਊਟੀ ਵਧਾਉਣ ਦੀ ਬਜਾਏ ਆਯਾਤ ਦੀ ਮਾਤਰਾ 'ਤੇ ਸੀਮਾ (Quantitative restrictions) ਲਗਾਉਣਾ ਚਾਲੂ ਖਾਤਾ ਘਾਟੇ (CAD) ਨੂੰ ਰੋਕਣ ਦਾ ਵਧੇਰੇ ਪ੍ਰਭਾਵਸ਼ਾਲੀ ਤਰੀਕਾ ਹੋ ਸਕਦਾ ਸੀ। ਹਾਲਾਂਕਿ, ਨਿਵੇਸ਼ ਮਾਹਿਰਾਂ ਦਾ ਮੰਨਣਾ ਹੈ ਕਿ ਗਲੋਬਲ ਅਨਿਸ਼ਚਿਤਤਾ ਦੇ ਦੌਰ ਵਿੱਚ ਸੋਨਾ ਅਜੇ ਵੀ ਨਿਵੇਸ਼ ਲਈ ਇੱਕ ਸੁਰੱਖਿਅਤ ਵਿਕਲਪ ਬਣਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
