ਅਹਿਮਦਾਬਾਦ ’ਚ ਵੱਡੀ ਵਾਰਦਾਤ, 2 ਕਰੋੜ ਦੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋਏ ਲੁਟੇਰੇ
Tuesday, Nov 08, 2022 - 02:11 PM (IST)

ਅਹਿਮਦਾਬਾਦ- ਗੁਜਰਾਤ ਦੇ ਅਹਿਮਦਾਬਾਦ ’ਚ ਬਾਈਕ ਸਵਾਰ ਅਣਪਛਾਤੇ ਬਦਮਾਸ਼ਾਂ ਨੇ ਇਕ ਜਿਊਲਰੀ ਸ਼ਾਪ ਦੇ ਦੋ ਕਾਮਿਆਂ ਤੋਂ 2 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਲੁੱਟ ਲਏ। ਬਦਮਾਸ਼ਾਂ ਨੇ ਇਸ ਘਟਨਾ ਨੂੰ ਉਸ ਸਮੇਂ ਅੰਜ਼ਾਮ ਦਿੱਤਾ, ਜਦੋਂ ਉਹ ਵਾਪਸ ਪਰਤ ਰਹੇ ਸਨ। ਪੁਲਸ ਨੇ ਮੰਗਲਵਾਰ ਨੂੰ ਘਟਨਾ ਬਾਬਤ ਜਾਣਕਾਰੀ ਦਿੱਤੀ।
ਪੁਲਸ ਮੁਤਾਬਕ ਜਦੋਂ ਦੋਵੇਂ ਕਾਮੇ ਸ਼ਾਹਪੁਰ ਮੈਟਰੋ ਸਟੇਸ਼ਨ ਕੋਲ ਪਹੁੰਚੇ ਤਾਂ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਗਹਿਣਿਆਂ ਨਾਲ ਭਰਿਆ ਬੈਗ ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਕਿਹਾ ਕਿ ਫਰਾਰ ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਸ਼ਹਿਰ ਦੀ ਪੁਲਸ ਸੀ. ਸੀ. ਟੀ. ਵੀ. ਫੁਟੇਜ ਖੰਗਾਲ ਰਹੀ ਹੈ। ਇਸ ਵਾਰਦਾਤ ਮਗਰੋਂ ਸ਼ਹਿਰ ’ਚ ਭਰ ਪੁਲਸ ਨੇ ਚੌਕਸੀ ਵਧਾ ਦਿੱਤੀ ਹੈ ਅਤੇ ਹਰ ਵਾਹਨ ਦੀ ਚੰਗੀ ਤਰ੍ਹਾਂ ਨਾਲ ਜਾਂਚ ਕੀਤੀ ਜਾ ਰਹੀ ਹੈ।
ਓਧਰ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਇਕ ਕਾਮੇ ਪਰਾਗ ਸ਼ਾਹ ਨੇ ਕਿਹਾ ਕਿ ਮੈਂ ਆਪਣੇ ਸਾਥੀ ਧਰਮੇਸ਼ ਲਿੰਬਾਨੀ ਨਾਲ ਸੋਨੇ ਦੇ ਗਹਿਣਿਆਂ ਨਾਲ ਭਰੇ ਦੋ ਬੈਗ ਲੈ ਕੇ ਜਾ ਰਿਹਾ ਸੀ। ਜਦੋਂ ਅਸੀਂ ਦੋਵੇਂ ਸ਼ਾਹਪੁਰ ਮੈਟਰੋ ਸਟੇਸ਼ਨ ਕੋਲ ਪਹੁੰਚੇ ਤਾਂ ਦੋ ਬਾਈਕ ਸਵਾਰ ਸਾਡੇ ਕੋਲ ਆਏ ਅਤੇ ਉਨ੍ਹਾਂ ’ਚੋਂ ਇਕ ਬੈਗ ਖੋਹ ਕੇ ਫਰਾਰ ਹੋ ਗਏ। ਦੋਹਾਂ ਨੇ ਹੈਲਮੇਟ ਪਹਿਨੇ ਹੋਏ ਸਨ, ਇਸ ਲਈ ਪਛਾਣਨਾ ਮੁਸ਼ਕਲ ਸੀ।