ਪੱਛਮੀ ਬੰਗਾਲ ''ਚ 37 ਲੱਖ ਰੁਪਏ ਦੇ ਸੋਨੇ ਦੇ ਬਿਸਕੁਟ ਜ਼ਬਤ
Saturday, Oct 17, 2020 - 06:04 PM (IST)
ਪੱਛਮੀ ਬੰਗਾਲ— ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਵਿਚ ਸਰਹੱਦ ਸੁਰੱਖਿਆ ਦਸਤਿਆਂ ਦੇ ਜਵਾਨਾਂ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਸੋਨੇ ਦੇ 6 ਬਿਸਕੁਟ ਬਰਾਮਦ ਕੀਤੇ ਹਨ। ਨੀਮ ਫ਼ੌਜੀ ਬਲ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸਰਹੱਦ ਸੁਰੱਖਿਆ ਦਸਤੇ ਦੀ 112ਵੀਂ ਬਟਾਲੀਅਨ ਦੇ ਕਮਾਡੇਟ ਅਰੁਣ ਦਹੀਆ ਨੇ ਦੱਸਿਆ ਕਿ ਬਿਸਕੁਟ ਬਰਾਮਦ ਕੀਤੇ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਬਰਾਮਦ ਸੋਨੇ ਦੇ ਬਿਸਕੁਟ ਦੀ ਕੀਮਤ ਕਰੀਬ 37 ਲੱਖ ਰੁਪਏ ਹੈ।
ਅਧਿਕਾਰੀ ਨੇ ਕਿਹਾ ਕਿ ਪੁੱਛ-ਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੇ ਦੱਸਿਆ ਕਿ ਇਕ ਹੋਰ ਵਿਅਕਤੀ ਨੇ ਕਿਸੇ ਨੂੰ ਦੇਣ ਲਈ ਉਸ ਨੂੰ ਇਹ ਬਿਸਕੁਟ ਦਿੱਤੇ ਸਨ, ਜਿਨ੍ਹਾਂ ਦਾ ਕੁੱਲ ਵਜ਼ਨ 720 ਗ੍ਰਾਮ ਹੈ। ਦੋਸ਼ੀ ਨੇ ਦੱਸਿਆ ਕਿ ਇਸ ਲਈ ਉਸ ਨੂੰ 300 ਰੁਪਏ ਦਿੱਤੇ ਜਾਣ ਦਾ ਵਾਅਦਾ ਕੀਤਾ ਗਿਆ ਸੀ। ਕਮਾਡੇਟ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੂੰ ਤੇਨਤੁਲੀਆ ਵਿਚ ਕਸਟਮ ਮਹਿਕਮੇ ਦੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ।