ਯੂਕ੍ਰੇਨ ਆਫ਼ਤ : ਗੋ ਫਸਰਟ ਦਾ ਜਹਾਜ਼ ਬੁਡਾਪੇਸਟ ਤੋਂ 177 ਭਾਰਤੀਆਂ ਨੂੰ ਲੈ ਕੇ ਪੁੱਜਿਆ ਦਿੱਲੀ

Friday, Mar 04, 2022 - 01:12 PM (IST)

ਯੂਕ੍ਰੇਨ ਆਫ਼ਤ : ਗੋ ਫਸਰਟ ਦਾ ਜਹਾਜ਼ ਬੁਡਾਪੇਸਟ ਤੋਂ 177 ਭਾਰਤੀਆਂ ਨੂੰ ਲੈ ਕੇ ਪੁੱਜਿਆ ਦਿੱਲੀ

ਨਵੀਂ ਦਿੱਲੀ (ਭਾਸ਼ਾ)- ਨਿੱਜੀ ਹਵਾਬਾਜ਼ੀ ਕੰਪਨੀ ਗੋ ਫਰਸਟ ਦਾ ਇਕ ਜਹਾਜ਼ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਤੋਂ 177 ਭਾਰਤੀਆਂ ਨੂੰ ਲੈ ਕੇ ਸ਼ੁੱਕਰਵਾਰ ਨਵੀਂ ਦਿੱਲੀ ਪਹੁੰਚਿਆ। ਇਹ ਸਾਰੇ ਭਾਰਤੀ ਨਾਗਰਿਕ ਯੁੱਧ ਪ੍ਰਭਾਵਿਤ ਯੂਕ੍ਰੇਨ 'ਚ ਫਸੇ ਹੋਏ ਸਨ। ਏਅਰਲਾਈਨ ਕੰਪਨੀ ਦਾ ਕਹਿਣਾ ਹੈ ਕਿ ਯੂਕ੍ਰੇਨ 'ਚ ਫਸੇ ਹੋਏ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਚਲਾਈ ਜਾ ਰਹੀ ਮੁਹਿੰਮ 'ਆਪਰੇਸ਼ਨ ਗੰਗਾ' ਦੇ ਅਧੀਨ 10 ਮਾਰਚ ਤੱਕ ਹਰੇਕ ਦਿਨ 2 ਉਡਾਣਾਂ ਦਾ ਸੰਚਾਲਣ ਕੀਤਾ ਜਾਵੇਗਾ। ਏਅਰਲਾਈਨ ਵਲੋਂ ਇਕ ਬਿਆਨ ਅਨੁਸਾਰ ਗੋ ਫਰਸਟ ਦੇ ਜਹਾਜ਼ ਨੇ 177 ਯਾਤਰੀਆਂ ਨਾਲ ਬੁਡਾਪੇਸਟ ਤੋਂ ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 5.58 ਵਜੇ ਉਡਾਣ ਭਰੀ ਅਤੇ ਸ਼ੁੱਕਰਵਾਰ ਨੂੰ ਦੁਪਹਿਰ 9.20 ਵਜੇ ਨਵੀਂ ਦਿੱਲੀ ਪਹੁੰਚ ਗਿਆ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਫਸੇ 185 ਭਾਰਤੀਆਂ ਨੂੰ ਬੁਖਾਰੈਸਟ ਤੋਂ ਲੈ ਕੇ ਮੁੰਬਈ ਪੁੱਜਿਆ ਵਿਸ਼ੇਸ਼ ਜਹਾਜ਼

ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੌਸ਼ਿਕ ਖੋਨਾ ਨੇ ਕਿਹਾ,''ਇਹ ਇਕ ਵੱਡਾ ਮਨੁੱਖੀ ਸੰਕਟ ਹੈ। ਗੋ ਫਰਸਟ ਫਸੇ ਹੋਏ ਭਾਰਤੀਆਂ ਨੂੰ ਵਤਨ ਵਾਪਸ ਲਿਆਉਣ ਅਤੇ ਉਨ੍ਹਾਂ ਨੂੰ ਪਰਿਵਾਰ ਵਾਲਿਆਂ ਨਾਲ ਮਿਲਵਾਉਣ 'ਚ ਮਦਦ ਕਰਨ ਲਈ ਅਤੇ ਉਡਾਣਾਂ ਦਾ ਸੰਚਾਲਣ ਕਰੇਗਾ।'' ਏਅਰਲਾਈਨ ਨੇ ਕਿਹਾ ਕਿ ਉਹ ਵਿਦੇਸ਼ ਮੰਤਰਾਲਾ ਦੀ ਜ਼ਰੂਰਤ ਅਨੁਸਾਰ ਐਡੀਸ਼ਨਲ ਉਡਾਣਾਂ ਪ੍ਰਦਾਨ ਕਰਨ ਦੀ ਵੀ ਕੋਸ਼ਿਸ਼ ਕਰੇਗੀ। ਦੱਸਣਯੋਗ ਹੈ ਕਿ ਯੂਕ੍ਰੇਨ ਦਾ ਹਵਾਈ ਖੇਤਰ 24 ਫਰਵਰੀ ਨੂੰ ਹੀ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਯੂਕ੍ਰੇਨ ਦੇ ਗੁਆਂਢੀ ਦੇਸ਼ ਰੋਮਾਨੀਆ, ਹੰਗਰੀ ਅਤੇ ਪੋਲੈਂਡ ਤੋਂ ਵਿਸ਼ੇਸ਼ ਉਡਾਣਾਂ ਰਾਹੀਂ ਫਸੇ ਹੋਏ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News