ਜੰਮੂ ਕਸ਼ਮੀਰ ਦੇ ਗੁਲਮਰਗ 'ਚ ਕੱਚ ਦਾ ਇਗਲੂ ਬਣਿਆ ਸੈਲਾਨੀਆਂ ਲਈ ਖਿੱਚ ਦਾ ਕੇਂਦਰ, ਜਾਣੋ ਖ਼ਾਸੀਅਤ
Tuesday, Jan 31, 2023 - 10:52 AM (IST)
ਬਾਰਾਮੂਲਾ- ਗੁਲਮਰਗ 'ਚ ਬਰਫ਼ ਨਾਲ ਢਕੇ ਪਹਾੜਾਂ ਦਰਮਿਆਨ ਕੱਚ ਦਾ ਇਗਲੂ ਰੈਸਟੋਰੈਂਟ ਸੈਲਾਨੀਆਂ ਦੇ ਆਕਰਸ਼ਨ ਦਾ ਕੇਂਦਰ ਬਣਿਆ ਹੋਇਆ ਹੈ। ਕੱਚ ਨਾਲ ਬਣੇ ਇਸ ਰੈਸਟੋਰੈਂਟ 'ਚ ਸੈਲਾਨੀ ਬਰਫ਼ਬਾਰੀ ਅਤੇ ਭੋਜਨ ਦਾ ਆਨੰਦ ਲੈ ਰਹੇ ਹਨ। ਪਿਛਲੇ ਸਾਲ ਬਰਫ਼ ਨਾਲ ਬਣਿਆ ਇਗਲੂ ਰੈਸਟੋਰੈਂਟ ਸੈਲਾਨੀਆਂ ਦੇ ਆਕਰਸ਼ਨ ਦਾ ਕੇਂਦਰ ਰਿਹਾ ਸੀ। ਇਸ ਵਾਰ ਕੱਚ ਦਾ ਇਗਲੂ ਬਣਾਇਆ ਗਿਆ ਹੈ ਅਤੇ ਸੈਲਾਨੀਆਂ ਨੂੰ ਇਹ ਕਾਫ਼ੀ ਆਕਰਸ਼ਿਤ ਕਰ ਰਿਹਾ ਹੈ। ਗੁਲਮਰਗ ਦੇ ਹੋਟਲ ਦੇ ਪ੍ਰਬੰਧਕ ਹਮੀਦ ਮਸੂਦੀ ਨੇ ਦੱਸਿਆ ਕਿ ਸਾਲ 2020 'ਚ ਉਨ੍ਹਾਂ ਨੇ ਏਸ਼ੀਆ ਦਾ ਸਭ ਤੋਂ ਵੱਡਾ ਬਰਫ਼ ਦਾ ਇਗਲੂ ਬਣਾਇਆ ਸੀ ਅਤੇ 2021 'ਚ ਵਿਸ਼ਵ ਦਾ ਸਭ ਤੋਂ ਵੱਡਾ ਇਗਲੂ ਬਣਾਇਆ ਸੀ। ਇਸ ਸਾਲ ਉਨ੍ਹਾਂ ਨੇ ਕੱਚ ਦਾ ਇਗਲੂ ਬਣਾਇਆ ਹੈ, ਜੋ ਕਸ਼ਮੀਰ 'ਚ ਇਸ ਤਰ੍ਹਾਂ ਦਾ ਪਹਿਲਾ ਇਗਲੂ ਹੈ।
ਇਸ ਵਾਰ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਇਹ ਨਵੀਂ ਕੋਸ਼ਿਸ਼ ਹੈ। ਇਸ ਦਾ ਆਈਡੀਆ ਉਨ੍ਹਾਂ ਨੇ ਫਿਨਲੈਂਡ ਤੋਂ ਲਿਆ ਸੀ ਅਤੇ ਸੈਲਾਨੀਆਂ ਨੂੰ ਇਹ ਕਾਫ਼ੀ ਪਸੰਦ ਵੀ ਆ ਰਿਹਾ ਹੈ। ਹਮੀਦ ਮਸੌਦੀ ਨੇ ਕਿਹਾ,''ਇਨ੍ਹਾਂ ਇਗਲੂ 'ਚ ਇਕ ਵਾਰ 'ਚ 8 ਲੋਕ ਬੈਠ ਸਕਦੇ ਹਨ। ਅਸੀਂ ਸੈਲਾਨੀਆਂ ਨੂੰ ਇਕ ਵੱਖ ਤਰ੍ਹਾਂ ਦਾ ਅਨੁਭਵ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ।'' ਇਕ ਸੈਲਾਨੀ ਨੇ ਕਿਹਾ,''ਇਸ ਰੈਸਟੋਰੈਂਟ 'ਚ ਬੈਠ ਕੇ ਅਜਿਹਾ ਲੱਗਾ ਜਿਵੇਂ ਮੈਂ ਸਵਰਗ ਦੀ ਖਿੜਕੀ ਤੋਂ ਦੇਖ ਰਿਹਾ ਹਾਂ। ਕੱਚ ਨਾਲ ਘਿਰੇ ਇਸ ਰੈਸਟੋਰੈਂਟ 'ਚ ਬਿਲਕੁੱਲ ਵੀ ਠੰਡ ਨਹੀਂ ਹੈ। ਇਕ ਕੱਪ ਕੌਫ਼ੀ ਨਾਲ ਬਾਹਰ ਦਾ ਨਜ਼ਾਰਾ ਅਤੇ ਇਹ ਅਨੋਖਾ ਅਨੁਭਵ ਹੈ, ਮੈਂ ਖ਼ੁਦ ਨੂੰ ਖੁਸ਼ਕਿਸਮਤ ਮੰਨਦਾ ਹਾਂ।''