ਕੇਜਰੀਵਾਲ ਦਾ PM ਮੋਦੀ ''ਤੇ ਤੰਜ਼, ਸਾਰੀਆਂ ਪਾਰਟੀਆਂ ਅਤੇ ਨੇਤਾਵਾਂ ਵਲੋਂ ਸਕੂਲਾਂ ਦੀ ਗੱਲ ਕਰਨਾ ਖ਼ੁਸ਼ੀ ਦੀ ਗੱਲ
Wednesday, Oct 19, 2022 - 03:27 PM (IST)
ਨਵੀਂ ਦਿੱਲੀ (ਵਾਰਤਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ਼ ਕੱਸਦੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਅੱਜ ਦੇਸ਼ ਦੀਆਂ ਸਾਰੀਆਂ ਪਾਰਟੀਆਂ ਅਤੇ ਨੇਤਾਵਾਂ ਨੂੰ ਸਿੱਖਿਆ ਅਤੇ ਸਕੂਲਾਂ ਬਾਰੇ ਗੱਲ ਕਰਨੀ ਪੈ ਰਹੀ ਹੈ। ਕੇਜਰੀਵਾਲ ਨੇ ਸ਼੍ਰੀ ਮੋਦੀ ਦੇ ਗੁਜਰਾਤ ਦੇ ਗਾਂਧੀਨਗਰ ਸਥਿਤ ਇਕ ਸਕੂਲ 'ਚ ਜਾਣ 'ਤੇ ਤੰਜ਼ ਕੱਸਦੇ ਹੋਏ ਟਵੀਟ ਕੀਤਾ,''ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਦੇਸ਼ ਦੀਆਂ ਸਾਰੀਆਂ ਪਾਰਟੀਆਂ ਅਤੇ ਨੇਤਾਵਾਂ ਨੂੰ ਸਿੱਖਿਆ ਅਤੇ ਸਕੂਲਾਂ ਬਾਰੇ ਗੱਲ ਕਰਨੀ ਪੈ ਰਹੀ ਹੈ। ਇਹ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੈ। ਮੈਂ ਉਮੀਦ ਕਰਦਾ ਹਾਂ ਕਿ ਸਿਰਫ਼ ਚੋਣਾਂ ਦੌਰਾਨ ਸਿੱਖਿਆ ਯਾਦ ਨਾ ਆਏ। ਸਾਰੀਆਂ ਸਰਕਾਰਾਂ ਮਿਲ ਕੇ ਸਿਰਫ਼ 5 ਸਾਲਾਂ 'ਚ ਸਾਰੇ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾ ਸਕਦੀਆਂ ਹਨ।''
ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ,''ਮੋਦੀ ਜੀ ਅੱਜ ਪਹਿਲੀ ਵਾਰ ਗੁਜਰਾਤ ਦੇ ਬੱਚਿਆਂ ਨਾਲ ਸਕੂਲ ਜਾ ਕੇ ਬੈਠੇ। ਅੱਜ ਤੋਂ 27 ਸਾਲ ਪਹਿਲਾਂ ਇਹ ਸ਼ੁਰੂ ਕਰ ਦਿੱਤਾ ਹੁੰਦਾ ਤਾਂ ਗੁਜਰਾਤ ਦੇ ਹਰੇਕ ਬੱਚੇ ਨੂੰ, ਸ਼ਹਿਰ ਤੋਂ ਲੈ ਕੇ ਪਿੰਡ ਤੱਕ ਦੇ ਹਰ ਬੱਚੇ ਨੂੰ, ਸ਼ਾਨਦਾਰ ਸਿੱਖਿਆ ਮਿਲ ਰਹੀ ਹੁੰਦੀ। ਦਿੱਲੀ 'ਚ 5 ਸਾਲਾਂ 'ਚ ਹੋ ਸਕਦਾ ਹੈ ਤਾਂ ਗੁਜਰਾਤ 'ਚ ਤਾਂ ਭਾਜਪਾ 27 ਸਾਲ ਤੋਂ ਸਰਕਾਰ 'ਚ ਹੈ ਪਰ ਭਾਜਪਾ ਦੇ 27 ਸਾਲ ਦੇ ਸ਼ਾਸਨ 'ਚ ਗੁਜਰਾਤ ਦੇ 48 ਹਜ਼ਾਰ ਸਰਕਾਰੀ ਸਕੂਲਾਂ 'ਚੋਂ 32 ਹਜ਼ਾਰ ਦੀ ਹਾਲਤ ਇਕਦਮ ਖਸਤਾ ਹੈ। ਇਨ੍ਹਾਂ 'ਚੋਂ ਵੀ 18 ਹਜ਼ਾਰ 'ਚ ਤਾਂ ਕਮਰੇ ਤੱਕ ਨਹੀਂ ਹਨ। ਅਧਿਆਪਕ ਨਹੀਂ ਹਨ। ਇਕ ਕਰੋੜ ਬੱਚਿਆਂ 'ਚੋਂ ਜ਼ਿਆਦਾਤਰ ਦਾ ਭਵਿੱਖ ਹਨ੍ਹੇਰੇ 'ਚ ਹੈ, ਇਨ੍ਹਾਂ ਸਕੂਲਾਂ 'ਚ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ