ਜਜ਼ਬੇ ਨੂੰ ਸਲਾਮ : ਬੀਮਾਰ ਕੁੜੀ ਨੇ ਆਕਸੀਜਨ ਸਿਲੰਡਰ ਲਗਾ ਦਿੱਤੇ ਇਮਤਿਹਾਨ, ਹਾਸਲ ਕੀਤੇ 69 ਫ਼ੀਸਦੀ ਅੰਕ

06/29/2020 5:31:15 PM

ਬਰੇਲੀ- 'ਮੰਜ਼ਲਾਂ ਉਨ੍ਹਾਂ ਨੂੰ ਮਿਲਦੀਆਂ ਹਨ, ਜਿਨ੍ਹਾਂ ਦੇ ਸੁਫ਼ਨਿਆਂ 'ਚ ਜਾਨ ਹੁੰਦੀ ਹੈ, ਖੰਭਾਂ 'ਚ ਕੁਝ ਨਹੀਂ ਹੁੰਦਾ, ਹੌਂਸਲਿਆਂ 'ਚ ਉਡਾਣ ਹੁੰਦੀ ਹੈ।'' ਫੇਫੜਿਆਂ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੀ ਬਰੇਲੀ ਦੀ ਇਕ ਵਿਦਿਆਰਥਣ ਨੇ ਇਸ ਕਹਾਵਤ ਨੂੰ ਸੱਚ ਕਰ ਕੇ ਦਿਖਾਇਆ ਹੈ। ਇਸ ਵਿਦਿਆਰਥਣ ਨੇ ਆਕਸੀਜਨ ਸਿਲੰਡਰ ਤੋਂ ਮਿਲੇ ਸਾਹਾਂ ਨਾਲ ਹਾਈ ਸਕੂਲ ਦੀ ਪ੍ਰੀਖਿਆ ਦਿੱਤੀ ਅਤੇ ਉਸ ਨੂੰ ਪਹਿਲੀ ਸ਼੍ਰੇਣੀ 'ਚ ਪਾਸ ਕੀਤਾ। ਬਰੇਲੀ ਦੇ ਸ਼ਾਹਬਾਦ ਮੁਹੱਲੇ 'ਚ ਰਹਿਣ ਵਾਲੀ ਸਾਫੀਆ ਜਾਵੇਦ ਨੇ ਇਸ ਸਾਲ ਸਰਕਾਰੀ ਕੰਨਿਆ ਇੰਟਰ ਕਾਲਜ 'ਚ ਬਣੇ ਕੇਂਦਰ 'ਚ ਯੂ.ਪੀ. ਬੋਰਡ ਦੀ ਹਾਈ ਸਕੂਲ ਦੀ ਪ੍ਰੀਖਿਆ ਦਿੱਤੀ ਸੀ। ਇਹ ਕੋਈ ਆਮ ਗੱਲ ਨਹੀਂ ਸੀ, ਕਿਉਂਕਿ ਸਾਫੀਆ ਪਿਛਲੇ 5 ਸਾਲਾਂ ਤੋਂ ਫੇਫੜਿਆਂ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੀ ਹੈ।

ਭਾਰੀ ਆਕਸੀਜਨ ਸਿਲੰਡਰ ਨਾਲ ਪ੍ਰੀਖਿਆ ਦਿਵਾਉਣ ਲਿਜਾਂਦੇ ਸਨ ਪਰਿਵਾਰ ਵਾਲੇ
ਸਾਫੀਆ ਦੀ ਮਾਂ ਆਮਨਾ ਜਾਵੇਦ ਨੇ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਉਨ੍ਹਾਂ ਦੀ ਬੇਟੀ ਪਾਸ ਤਾਂ ਹੋ ਜਾਵੇਗੀ ਪਰ ਸ਼ਨੀਵਾਰ ਨੂੰ ਜਦੋਂ ਪ੍ਰੀਖਿਆ ਨਤੀਜੇ ਆਏ ਤਾਂ ਸਾਫੀਆ ਨੇ 69 ਫੀਸਦੀ ਅੰਕ ਹਾਸਲ ਕੀਤੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਦੇ ਸਾਹ ਆਕਸੀਜਨ ਸਿਲੰਡਰ 'ਤੇ ਟਿਕੇ ਹਨ। ਕਈ ਪਰੇਸ਼ਾਨੀਆਂ ਦੇ ਬਾਵਜੂਦ ਸਾਫੀਆ ਨੇ ਹਾਈ ਸਕੂਲ ਦੀ ਪ੍ਰੀਖਿਆ ਦਿੱਤੀ। ਇਸ ਦੌਰਾਨ ਉਸ ਦੇ ਪਰਿਵਾਰ ਵਾਲੇ ਭਾਰੀ ਆਕਸੀਜਨ ਸਿਲੰਡਰ ਨਾਲ ਉਸ ਨੂੰ ਪ੍ਰੀਖਿਆ ਦਿਵਾਉਣ ਲਿਜਾਂਦੇ ਸਨ।

ਮਾਂ ਨੇ ਕਿਹਾ ਬੇਟੀ 'ਤੇ ਮਾਣ ਹੈ
ਸ਼ਨੀਵਾਰ ਨੂੰ ਜਦੋਂ ਪ੍ਰੀਖਿਆ ਦੇ ਨਤੀਜੇ ਆਏ ਤਾਂ ਉਸ ਨੇ ਪਹਿਲੀ ਸ਼੍ਰੇਣੀ 'ਚ ਪਾਸ ਹੋ ਕੇ ਸਾਰਿਆਂ ਨੂੰ ਖੁਸ਼ ਕਰ ਦਿੱਤਾ। ਆਮਨਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ 'ਤੇ ਮਾਣ ਹੈ। ਉਹ ਪਿਛਲੇ 5 ਸਾਲਾਂ ਤੋਂ ਫੇਫੜਿਆਂ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੀ ਹੈ ਪਰ ਇਸ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ। ਬਾਕੀ ਕੋਈ ਬੱਚਾ ਹੁੰਦਾ ਤਾਂ ਸ਼ਾਇਦ ਉਹ ਉਦਾਸ ਹੋ ਚੁਕਿਆ ਹੁੰਦਾ ਪਰ ਸਾਫੀਆ ਨੇ ਜ਼ਬਰਦਸਤ ਜਜ਼ਬਾ ਦਿਖਾਇਆ ਅਤੇ ਘਰ ਵਾਲਿਆਂ ਅੱਗੇ ਜਿੱਦ ਕਰ ਕੇ ਪ੍ਰੀਖਿਆ ਦੇਣ ਗਈ।

ਬਿਨਾਂ ਆਕਸੀਜਨ ਸਿਲੰਡਰ ਨਹੀਂ ਦੇ ਸਕਦੀ ਸੀ ਪ੍ਰੀਖਿਆ
ਬਰੇਲੀ ਦੇ ਸੰਯੁਕਤ ਸਿੱਖਿਆ ਡਾਇਰੈਕਟਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਸਾਫੀਆ ਬਿਨਾਂ ਆਕਸੀਜਨ ਸਿਲੰਡਰ ਦੇ ਪ੍ਰੀਖਿਆ ਨਹੀਂ ਦੇ ਸਕਦੀ ਸੀ। ਸਮੱਸਿਆ ਇਹ ਸੀ ਕਿ ਆਕਸੀਜਨ ਸਿਲੰਡਰ ਲੈ ਕੇ ਉਸ ਨੂੰ ਪ੍ਰੀਖਿਆ ਕੇਂਦਰ 'ਚ ਪ੍ਰਵੇਸ਼ ਕਿਵੇਂ ਦਿੱਤਾ ਜਾਵੇ। ਹਾਲਾਂਕਿ ਉਨ੍ਹਾਂ ਨੇ ਸਰਕਾਰੀ ਕੰਨਿਆ ਇੰਟਰ ਕਾਲਜ ਦੇ ਕੇਂਦਰ ਪ੍ਰਸ਼ਾਸਕ ਨੂੰ ਆਦੇਸ਼ ਦਿੱਤਾ, ਜਿਸ ਤੋਂ ਬਾਅਦ ਸਾਫੀਆ ਨੂੰ ਆਕਸੀਜਨ ਸਿਲੰਡਰ ਨਾਲ ਪ੍ਰੀਖਿਆ ਦੇਣ ਦੀ ਇਜਾਜ਼ਤ ਦੇ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ ਕਿ ਸਾਫੀਆ ਇਨ੍ਹਾਂ ਮੁਸ਼ਕਲ ਹਾਲਾਤਾਂ 'ਚ ਪ੍ਰੀਖਿਆ ਦੇ ਕੇ ਨਾ ਸਿਰਫ਼ ਪਾਸ ਹੋਈ ਸਗੋਂ ਉਸ ਨੇ ਪਹਿਲੀ ਸ਼੍ਰੇਣੀ 'ਚ ਪਾਸ ਕੀਤੀ।


DIsha

Content Editor

Related News