ਕੁੜੀ ਨੂੰ ਪਿਆਰ ਕਰਨ ਦੀ ਮਿਲੀ ਸਜ਼ਾ, ਰਿਸ਼ਤੇਦਾਰਾਂ ਨੇ ਸ਼ਰੇਆਮ ਕੁੱਟਿਆ

09/04/2019 2:48:24 PM

ਅਲੀਰਾਜ— ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲੇ 'ਚ ਇਕ 19 ਸਾਲਾ ਆਦਿਵਾਸੀ ਕੁੜੀ ਨੂੰ ਉਸ ਦੇ ਰਿਸ਼ਤੇਦਾਰਾਂ ਨੇ ਦਿਨਦਿਹਾੜੇ ਵਿਚ ਸੜਕ ਕੁੱਟਿਆ, ਜਿਸ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਥਾਨਕ ਪੁਲਸ ਵੀ ਹਰਕਤ 'ਚ ਆਈ ਅਤੇ ਕੁੜੀ ਨੂੰ ਕੁੱਟਣ ਵਾਲੇ ਚਾਰ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਜੋਬਟ ਐੱਸ.ਡੀ.ਓ.ਪੀ. ਆਰ.ਸੀ. ਭਾਕਰ ਅਨੁਸਾਰ ਘਟਨਾ 31 ਅਗਸਤ ਦੀ ਹੈ, ਜਦੋਂ ਜ਼ਿਲੇ 'ਚ ਕੁੜੀ ਨੂੰ ਹੋਰ ਜਾਤੀ ਦੇ ਆਦਿਵਾਸੀ ਨਾਲ ਪਿਆਰ ਕਰਨ 'ਤੇ ਸ਼ਰੇਆਮ ਕੁੱਟਿਆ ਗਿਆ।
 

ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਆਇਆ ਸਾਹਮਣੇ
ਭਾਕਰ ਨੇ ਦੱਸਿਆ ਕਿ ਕੁੱਟਮਾਰ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਖੁਦ ਨੋਟਿਸ ਲੈਂਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ 'ਚ ਪਤਾ ਲੱਗਾ ਕਿ ਮਾਮਲਾ ਜ਼ਿਲੇ ਦੇ ਆਮਬੁਆ ਥਾਣੇ ਦੇ ਅਧੀਨ ਆਉਣ ਵਾਲੇ ਟੇਮਾਚੀ ਪਿੰਡ ਦਾ ਹੈ। ਜਿੱਥੇ ਦੂਜੇ ਜਾਤੀ ਦੇ ਮੁੰਡੇ ਨਾਲ ਪਿਆਰ ਕਰਨ ਕਾਰਨ ਕੁੜੀ ਉਸ ਨਾਲ ਦੌੜ ਗਈ ਸੀ। ਇਸ ਕੁੜੀ ਨੂੰ ਜਦੋਂ ਉਸ ਦੇ ਰਿਸ਼ਤੇਦਾਰਾਂ ਨੇ ਲੱਭ ਲਿਆ ਤਾਂ ਉਸ ਨੂੰ ਵਾਪਸ ਘਰ ਲਿਆਂਦਾ ਜਾ ਰਿਹਾ ਸੀ। ਇਸ ਦੌਰਾਨ ਕੁੜੀ ਦੇ ਰਿਸ਼ਤੇਦਾਰਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਘਟਨਾ ਦੀ ਜਾਣਕਾਰੀ ਕੁੜੀ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਿਲੀ।
 

ਪਿਤਾ ਨੇ ਕਰਵਾਈ ਸ਼ਿਕਾਇਤ ਦਰਜ
ਉੱਥੇ ਹੀ ਮੰਗਲਵਾਰ ਦੇਰ ਰਾਤ ਕੁੜੀ ਦੇ ਪਿਤਾ ਨੇ ਥਾਣੇ ਪਹੁੰਚ ਕੇ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਬੇਟੀ ਨੂੰ ਰਿਸ਼ਤੇਦਾਰਾਂ ਨੇ ਮਿਲ ਕੇ ਬੇਰਹਿਮੀ ਨਾਲ ਕੁੱਟਿਆ, ਜਿਸ ਤੋਂ ਬਾਅਦ ਉਸ ਦਾ ਵੀਡੀਓ ਵੀ ਵਾਇਰਲ ਹੋ ਗਿਆ। ਪਿਤਾ ਨੇ ਦੋਸ਼ ਲਗਾਇਆ ਕਿ ਬੇਟੀ ਦੀ ਕੁੱਟਮਾਰ ਦੌਰਾਨ ਸਾਰੇ ਲੋਕ ਉਸ ਨੂੰ ਗਾਲ੍ਹਾਂ ਕੱਢ ਰਹੇ ਸਨ। ਕੁੜੀ ਦੇ ਪਿਤਾ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦੀ ਬੇਟੀ ਦੀ ਸਗਾਈ ਹੋ ਚੁਕੀ ਹੈ ਪਰ ਇਸ ਦੇ ਬਾਵਜੂਦ ਉਹ ਹੋਰ ਜਾਤੀ ਦੇ ਮੁੰਡੇ ਨਾਲ ਪਿਆਰ ਕਰਦੀ ਹੈ, ਜਿਸ ਨਾਲ ਉਹ ਦੌੜ ਗਈ ਸੀ।
 

ਜੀਜੇ ਅਤੇ ਤਿੰਨ ਹੋਰ ਲੋਕਾਂ ਵਿਰੁੱਧ ਮਾਮਲਾ ਦਰਜ
ਰਿਸ਼ਤੇਦਾਰਾਂ ਨੂੰ ਜਦੋਂ ਕੁੜੀ ਦਾ ਪਤਾ ਮਿਲਿਆ ਤਾਂ ਉਸ ਨੂੰ ਵਾਪਸ ਲਿਆਂਦਾ ਜਾ ਰਿਹਾ ਸੀ, ਉਸੇ ਦੌਰਾਨ ਕੁੜੀ ਦੇ ਜੀਜੇ ਅਤੇ ਤਿੰਨ ਹੋਰ ਲੋਕ ਰਸਤੇ ਭਰ ਉਸ ਨੂੰ ਕੁੱਟਦੇ ਰਹੇ। ਪੀੜਤ ਕੁੜੀ ਦੇ ਪਿਤਾ ਦੇ ਬਿਆਨ ਦੇ ਆਧਾਰ 'ਤੇ ਕੁੜੀ ਦੇ ਜੀਜਾ ਅਤੇ ਤਿੰਨ ਹੋਰ ਲੋਕਾਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 294, 323 ਅਤੇ 34 ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।


DIsha

Content Editor

Related News