ਕੁੜੀ ਨੇ ਪਰਿਵਾਰ ਨੂੰ ਖਾਣੇ ''ਚ ਦਿੱਤਾ ਜ਼ਹਿਰ, ਬੇਹੋਸ਼ ਹੋਣ ਤੋਂ ਬਾਅਦ ਪ੍ਰੇਮੀ ਨਾਲ ਦੌੜੀ

09/12/2019 11:07:06 AM

ਮੁਰਾਦਾਬਾਦ— ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨਾਬਾਲਗ ਨੇ ਆਪਣੇ ਪੂਰੇ ਪਰਿਵਾਰ ਦੇ ਖਾਣੇ 'ਚ ਜ਼ਹਿਰ ਮਿਲਾ ਦਿੱਤਾ ਅਤੇ ਪ੍ਰੇਮੀ ਨਾਲ ਦੌੜ ਗਈ। ਜ਼ਹਿਰ ਦੀ ਮਾਤਰਾ ਘੱਟ ਹੋਣ ਕਾਰਨ ਪਰਿਵਾਰ ਦੇ 7 ਲੋਕ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪੁਲਸ ਨੇ ਕੇਸ ਦਰਜ ਕਰ ਕੇ ਨਾਬਾਲਗ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਘਟਨਾ ਜ਼ਿਲੇ ਦੇ ਮੈਨਾਠੇਰ ਪੁਲਸ ਥਾਣੇ ਅਧੀਨ ਇਕ ਪਿੰਡ ਦਾ ਹੈ। ਪੁਲਸ ਨੇ ਦੱਸਿਆ ਕਿ ਨਾਬਾਲਗ ਨੇ ਮੰਗਲਵਾਰ ਦੀ ਰਾਤ ਨੂੰ ਘਰ 'ਚ ਬਣੇ ਖਾਣੇ 'ਚ ਜ਼ਹਿਰੀਲਾ ਪਦਾਰਥ ਮਿਲਾ ਦਿੱਤਾ। ਇਹ ਖਾਣਾ ਘਰ ਵਾਲਿਆਂ ਨੇ ਖਾਧਾ ਅਤੇ ਖਾਣੇ ਤੋਂ ਬਾਅਦ ਨਾਬਾਲਗ ਦੀ ਮਾਂ, 2 ਭੈਣਾਂ, 2 ਭਰਾ, ਭਰਜਾਈ ਅਤੇ ਭਤੀਜਾ ਬੇਹੋਸ਼ ਹੋ ਗਏ। ਉਨ੍ਹਾਂ ਦੇ ਬੇਹੋਸ਼ ਹੋਣ ਤੋਂ ਬਾਅਦ ਵਿਦਿਆਰਥਣ ਨੇ ਆਪਣੇ ਪ੍ਰੇਮੀ ਨੂੰ ਬੁਲਾਇਆ ਅਤੇ ਉਸ ਨਾਲ ਦੌੜ ਗਈ।

ਪੁਲਸ ਨੇ ਦੱਸਿਆ ਕਿ ਨਾਬਾਲਗ ਜਿਸ ਨੌਜਵਾਨ ਨਾਲ ਦੌੜੀ ਹੈ, ਉਹ ਹਾਲ 'ਚ ਹੀ ਜੇਲ ਤੋਂ ਜ਼ਮਾਨਤ ਤੋਂ ਬਾਹਰ ਆਇਆ ਸੀ। ਨੌਜਵਾਨ 'ਤੇ ਨਾਬਾਲਗ ਨਾਲ ਰੇਪ ਦਾ ਦੋਸ਼ ਹੈ। ਪੁਲਸ ਨੇ ਦੱਸਿਆ ਕਿ ਦੋਹਾਂ ਦੇ ਅਫੇਅਰ ਨੂੰ ਲੈ ਕੇ ਨਾਬਾਲਗ ਦੇ ਘਰ ਵਾਲਿਆਂ ਨੂੰ ਨਾਰਾਜ਼ਗੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਨੌਜਵਾਨ ਨੂੰ ਰੇਪ ਕੇਸ 'ਚ ਫਸਾਇਆ ਸੀ ਪਰ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਉਸ ਨੇ ਕੁੜੀ ਨਾਲ ਸੰਪਰਕ ਕੀਤਾ ਅਤੇ ਦੋਵੇਂ ਯੋਜਨਾ ਬਣਾ ਕੇ ਦੌੜ ਨਿਕਲੇ। ਐੱਸ.ਪੀ. (ਪੇਂਡੂ) ਉਦੇ ਸ਼ੰਕਰ ਸਿੰਘ ਨੇ ਕਿਹਾ ਕਿ ਕੁੜੀ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਕੁੜੀ ਦੇ 2 ਪਰਿਵਾਰ ਦੇ ਮੈਂਬਰਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਦੋਂ ਕਿ ਇਕ ਔਰਤ ਅਤੇ ਉਸ ਦਾ ਬੱਚਾ ਹਾਲੇ ਵੀ ਹਸਪਤਾਲ 'ਚ ਭਰਤੀ ਹਨ। ਐੱਸ.ਐੱਚ.ਓ. ਮਨੋਜ ਕੁਮਾਰ ਸਿੰਘ ਨੇ ਦੱਸਿਆ ਕਿ ਕਿਉਂਕਿ ਕੁੜੀ ਨਾਬਾਲਗ ਹੈ, ਇਸ ਲਈ ਅਸੀਂ ਦੋਸ਼ੀ ਅਰਵਿੰਦ ਕੁਮਾਰ ਵਿਰੁੱਧ ਅਪਰਾਧਕ ਸਾਜਿਸ਼ ਅਤੇ ਕਤਲ ਦੀ ਕੋਸ਼ਿਸ਼ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਦੋਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।


DIsha

Content Editor

Related News