ਲੰਕੇਸ਼ ਹੱਤਿਆ ਮਾਮਲਾ : ਸ਼ੱਕੀਆਂ ਕੋਲੋਂ ਮਿਲੀ ਡਾਇਰੀ, ਹਿੱਟ ਲਿਸਟ ''ਚ ਸਨ ਗਿਰੀਸ਼ ਕਰਨਾਡ
Friday, Jun 15, 2018 - 01:52 AM (IST)

ਬੈਂਗਲੁਰੂ— ਕੰਨੜ ਪੱਤਰਕਾਰ ਗੌਰੀ ਲੰਕੇਸ਼ ਦੇ ਸ਼ੱਕੀ ਕਾਤਲਾਂ ਦੀ ਹਿੱਟ ਲਿਸਟ 'ਚ ਚਰਚਿਤ ਰੰਗਕਾਰੀ ਗਿਰੀਸ਼ ਕਰਨਾਡ ਵੀ ਸ਼ਾਮਲ ਸਨ। ਕਰਨਾਟਕ ਸਰਕਾਰ ਵਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਨੇ ਇਹ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਜਾਂਚ ਟੀਮ ਨੇ ਸ਼ੱਕੀਆਂ ਕੋਲੋਂ ਇਕ ਡਾਇਰੀ ਬਰਾਮਦ ਕੀਤੀ ਹੈ, ਜਿਸ ਵਿਚ ਗਿਰੀਸ਼ ਦੇ ਨਾਲ-ਨਾਲ ਗਿਆਨਪੀਠ ਪੁਰਸਕਾਰ ਜੇਤੂ ਬੀ. ਟੀ. ਲਲਿਤਾ, ਚੰਨਾ ਮੱਲਾ ਸਵਾਮੀ ਅਤੇ ਸੀ. ਐੱਸ. ਦੁਆਰਕਾਨਾਥ ਦੇ ਨਾਂ ਸ਼ਾਮਲ ਹਨ।
ਵਿਸ਼ੇਸ਼ ਜਾਂਚ ਟੀਮ ਦੇ ਸੂਤਰਾਂ ਨੇ ਦੱਸਿਆ ਕਿ ਡਾਇਰੀ ਵਿਚ ਉਨ੍ਹਾਂ ਵਿਅਕਤੀਆਂ ਦੇ ਨਾਂ ਦਰਜ ਹਨ, ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ। ਵਿਸ਼ੇਸ਼ ਜਾਂਚ ਟੀਮ ਨੇ ਕਰਨਾਟਕ ਦੇ ਵਿਜੇਪੁਰਾ ਜ਼ਿਲੇ ਤੋਂ 26 ਸਾਲਾ ਪਰਸ਼ੂਰਾਮ ਵਾਘਮਾਰੇ ਨੂੰ ਗ੍ਰਿਫਤਾਰ ਕੀਤਾ ਹੈ ਪਰ ਸਾਜ਼ਿਸ਼ 'ਚ ਉਸ ਦੀ ਭੂਮਿਕਾ ਅਤੇ ਹੋਰ ਜਾਣਕਾਰੀਆਂ ਦਾ ਖੁਲਾਸਾ ਅਜੇ ਨਹੀਂ ਕੀਤਾ ਗਿਆ। ਅਟਕਲਾਂ ਹਨ ਕਿ ਵਾਘਮਾਰੇ ਗੌਰੀ ਲੰਕੇਸ਼ ਦਾ ਕਾਤਿਲ ਹੋ ਸਕਦਾ ਹੈ ਕਿਉਂਕਿ ਉਸ ਦੀ ਸਰੀਰਕ ਬਣਤਰ ਗੌਰੀ ਦੇ ਘਰ 'ਚੋਂ ਬਰਾਮਦ ਸੀ. ਸੀ. ਟੀ. ਵੀ. ਫੁਟੇਜ 'ਚ ਨਜ਼ਰ ਆਉਣ ਵਾਲੇ ਵਿਅਕਤੀ ਨਾਲ ਬਹੁਤ ਮਿਲਦੀ ਹੈ।