ਪੀ.ਐੱਮ. ਮੋਦੀ ਨੇ ਕਦੇ ਨਹੀਂ ਕੀਤੀ ਬਦਲੇ ਦੀ ਰਾਜਨੀਤੀ : ਆਜ਼ਾਦ

Wednesday, Apr 05, 2023 - 11:45 AM (IST)

ਨਵੀਂ ਦਿੱਲੀ- ਰਾਜ ਸਭਾ ’ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਅਤੇ ਡੈਮੋਕ੍ਰੇਟਿਕ ਆਜ਼ਾਦ ਪਾਰਟੀ ਦੇ ਪ੍ਰਧਾਨ ਗੁਲਾਮ ਨਬੀ ਆਜ਼ਾਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੰਮ ਕੇ ਤਾਰੀਫ ਕੀਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇ ਕਦੇ ਵੀ ਬਦਲੇ ਦੀ ਰਾਜਨੀਤੀ ਨਹੀਂ ਕੀਤੀ।

ਰਾਜ ਸਭਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੀਤੀ ਗਈ ਤਾਰੀਫ ’ਤੇ ਕਾਂਗਰਸ ਦੇ ਕੁੱਝ ਨੇਤਾਵਾਂ ਵਲੋਂ ਕੀਤੀ ਗਈ ਆਪਣੀ ਆਲੋਚਨਾ ਨੂੰ ਲੈ ਕੇ ਸਾਬਕਾ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੇ ਮੰਗਲਵਾਰ ਨੂੰ ਕਿਹਾ ਕਿ ਇਨ੍ਹਾਂ ਲੋਕਾਂ ਦੀ ‘ਗੰਦੀ ਸੋਚ’ ਹੈ ਅਤੇ ਇਨ੍ਹਾਂ ਨੂੰ ਰਾਜਨੀਤੀ ਦੀ ‘ਏ ਬੀ ਸੀ’ ਸਿੱਖਣ ਲਈ ਕਿੰਡਰਗਾਰਟਨ ਵਾਪਸ ਜਾਣਾ ਹੋਵੇਗਾ।

ਆਜ਼ਾਦ ਨੇ ਆਪਣੇ ਆਲੋਚਕਾਂ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਜੋ ਲੋਕ ਵਿਦਾਈ ਭਾਸ਼ਣਾਂ ਅਤੇ ਨਿਯਮਿਤ ਭਾਸ਼ਣ ’ਚ ਫਰਕ ਨਹੀਂ ਕਰ ਸਕਦੇ, ਉਨ੍ਹਾਂ ਦੀ ਰਾਜਨੀਤਕ ਸਮਝ ’ਤੇ ਸਵਾਲ ਉੱਠਦਾ ਹੈ। ਰਾਜ ਸਭਾ ਤੋਂ ਆਜ਼ਾਦ ਦੀ ਵਿਦਾਈ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਚ ਸਦਨ ’ਚ ਭਾਵਨਾਤਮਕ ਭਾਸ਼ਣ ਦਿੱਤਾ ਸੀ। ਜਦੋਂ ਆਜ਼ਾਦ ਨੇ ਕਾਂਗਰਸ ਛੱਡੀ ਤਾਂ ਕੁਝ ਪਾਰਟੀ ਨੇਤਾਵਾਂ ਨੇ ਮੋਦੀ ਦੇ ਇਸ ਭਾਸ਼ਣ ਨੂੰ ਯਾਦ ਕਰਦੇ ਹੋਏ ਇਸ ’ਚ ਇਕ ਤਰ੍ਹਾਂ ਦਾ ਏਜੰਡਾ ਹੋਣ ਦਾ ਦੋਸ਼ ਲਾਇਆ।

ਸਾਬਕਾ ਕੇਂਦਰੀ ਮੰਤਰੀ ਨੇ ਆਪਣੀ ਕਿਤਾਬ ‘ਆਜ਼ਾਦ-ਐਨ ਆਟੋਬਾਇਓਗ੍ਰਾਫੀ’ ਦੀ ਘੁੰਡ-ਚੁਕਾਈ ਦੀ ਪੂਰਬਲੀ ਸ਼ਾਮ ’ਤੇ ਦਿੱਤੀ ਇੰਟਰਵਿਊ ’ਚ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੇ ਚੰਗੇ ਸਬੰਧ ਉਦੋਂ ਤੋਂ ਹਨ ਜਦੋਂ ਮੋਦੀ ਭਾਜਪਾ ਦੇ ਜਨਰਲ ਸਕੱਤਰ ਸਨ। ਆਜ਼ਾਦ ਨੇ ਆਪਣੀ ਕਿਤਾਬ ’ਚ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦੇ ਰੂਪ ’ਚ ਆਪਣੇ ਕਾਰਜਕਾਲ ਬਾਰੇ ਵੀ ਲਿਖਿਆ ਹੈ। ਆਜ਼ਾਦ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਦੇ ਰੂਪ ’ਚ ਮੈਂ ਸਮਾਜਕ, ਰਾਜਨੀਤਕ ਅਤੇ ਆਰਥਿਕ ਮਹੱਤਵ ਦੇ ਮੁੱਦਿਆਂ ਨੂੰ ਚੁੱਕਣ ਦੀ ਸਭ ਤੋਂ ਵਧੀਆ ਕੋਸ਼ਿਸ਼ ਕੀਤੀ ਅਤੇ ਸਦਨ ’ਚ ਹਰ ਵਾਰ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਾਥੀ ਨੇਤਾਵਾਂ ਦਾ ਸਾਹਮਣਾ ਕੀਤਾ ਪਰ ਉਨ੍ਹਾਂ ਨੇ ਆਪਣੀ ਸਰਕਾਰ ਦੇ ਕੰਮ-ਕਾਜ ਦੇ ਖਿਲਾਫ ਮੇਰੇ ਸਖਤ ਸ਼ਬਦਾਂ ’ਤੇ ਕਦੇ ਪ੍ਰਤੀਕਿਰਿਆ ਨਹੀਂ ਦਿੱਤੀ।


Rakesh

Content Editor

Related News