ਘਰ ’ਚ ਲੱਗਾ ਗੀਜ਼ਰ ਬਣਿਆ ਮੌਤ ਦਾ ਕਾਰਨ, ਪਤੀ-ਪਤਨੀ ਦੀ ਹੋਈ ਮੌਤ

Saturday, Mar 19, 2022 - 06:05 PM (IST)

ਘਰ ’ਚ ਲੱਗਾ ਗੀਜ਼ਰ ਬਣਿਆ ਮੌਤ ਦਾ ਕਾਰਨ, ਪਤੀ-ਪਤਨੀ ਦੀ ਹੋਈ ਮੌਤ

ਕਰਨਾਲ– ਇਕ ਪਾਸੇ ਜਿੱਥੇ ਲੋਕ ਹੋਲੀ ਦੀਆਂ ਖੁਸ਼ੀਆਂ ਮਨਾਉਣ ’ਚ ਮਗਨ ਸਨ ਉੱਥੇ ਹੀ ਦੂਜੇ ਪਾਸੇ ਇਕ ਪਰਿਵਾਰ ’ਚ ਸੋਗ ਦੀ ਲਹਿਰ ਛਾ ਗਈ ਕਿਉਂਕਿ ਇੱਥੇ ਇਕ ਜੋੜੇ ਦੀ ਘਰ ’ਚ ਲੱਗੇ ਗੈਸ ਗੀਜ਼ਰ ਕਾਰਨ ਮੌਤ ਹੋ ਗਈ। ਦਰਅਸਲ, 27 ਸਾਲਾ ਗੌਰਵ ਆਪਣੀ ਪਤਨੀ ਸ਼ਿਲਪੀ ਨਾਲ ਹੋਲੀ ਦਾ ਤਿਉਹਾਰ ਮਨਾ ਕੇ ਆਪਣੇ ਘਰ ਪਰਤਿਆ ਸੀ। ਹੋਲੀ ’ਤੇ ਲੱਗਾ ਰੰਗ ਉਤਾਰਨ ਲਈ ਪਤੀ-ਪਤਨੀ ਦੋਵੇਂ ਬਾਥਰੂਮ ’ਚ ਨਹਾਉਣ ਲਈ ਚਲੇ ਗਏ। 

ਇਸੇ ਦੌਰਾਨ ਬਾਥਰੂਮ ’ਚ ਲੱਗੇ ਗੈਸ ਗੀਜ਼ਰ ’ਚੋਂ ਗੈਸ ਲੀਕ ਹੋਣ ਕਾਰਨ ਦੋਵੇਂ ਉੱਥੇ ਹੀ ਬੇਹੋਸ਼ ਹੋ ਗਏ। ਬਾਥਰੂਮ ’ਚ ਹੋਈ ਗੌਰਵ ਅਤੇ ਸ਼ਿਲਪੀ ਨਾਲ ਇਸ ਘਟਨਾ ਬਾਰੇ ਪਰਿਵਾਰ ਵਾਲਿਆਂ ਨੂੰ ਕੋਈ ਭਿਣਕ ਨਹੀਂ ਲੱਗੀ। ਕਰੀਬ 2 ਘੰਟਿਆਂ ਬਾਅਦ ਜਦੋਂ ਗੌਰਵ ਦੇ ਪਰਿਵਾਰ ਵਾਲਿਆਂ ਨੇ ਬਾਥਰੂਮ ’ਚ ਵੇਖਿਆ ਤਾਂ ਉਨ੍ਹਾਂ ਦੇ ਹੋਸ਼ ਉਡ ਗਏ। ਹਫੜਾ-ਦਫੜੀ ’ਚ ਪਤੀ-ਪਤਨੀ ਨੂੰ ਬੇਹੋਸ਼ੀ ਦੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਤਿਉਹਾਰ ਵਾਲੇ ਦਿਨ ਹੋਈ ਇਸ ਘਟਨਾ ਤੋਂ ਬਾਅਦ ਪਰਿਵਾਰ ਦੀਆਂ ਖੁਸ਼ੀਆਂ ਮਾਤਮ ’ਚ ਬਦਲ ਗਈਆਂ।

26 ਸਾਲਾ ਗੌਰਵ ਅਤੇ 25 ਸਾਲਾ ਸ਼ਿਲਪੀ ਦਾ ਵਿਆਹ ਕਰੀਬ 3 ਸਾਲ ਪਹਿਲਾਂ ਹੋਇਆ ਸੀ। ਹੋਲੀ ਮੌਕੇ ਗੌਰਵ ਆਪਣੀ ਪਤਨੀ ਨੂੰ ਲੈ ਕੇ ਸਹੁਰੇ ਗਿਆ ਸੀ। ਉੱਥੇ ਹੋਲੀ ਮਨਾਉਣ  ਤੋਂ ਬਾਅਦ ਦੁਪਹਿਰ ਨੂੰ ਉਹ ਦੋਵੇਂ ਵਾਪਸ ਘਰ ਆਏ ਸਨ। ਪਤੀ-ਪਤਨੀ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਨੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


author

Rakesh

Content Editor

Related News