ਜਨਰਲ ਨਰਵਣੇ ਹੋ ਸਕਦੇ ਹਨ ਨਵੇਂ CDS, ਮੋਦੀ ਨੇ ਕੀਤੀ ਕੈਬਨਿਟ ਕਮੇਟੀ ਦੀ ਬੈਠਕ
Thursday, Dec 09, 2021 - 12:45 AM (IST)
ਨਵੀਂ ਦਿੱਲੀ – ਚੀਫ ਆਫ ਡਿਫੈਂਸ ਸਟਾਫ (ਸੀ. ਡੀ. ਐੱਸ.) ਜਨਰਲ ਬਿਪਿਨ ਰਾਵਤ ਦੀ ਮੌਤ ਦੀ ਖਬਰ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਵਾਲ ਉੱਠਦਾ ਹੈ ਕਿ ਖਾਲੀ ਹੋਏ ਇਸ ਅਹੁਦੇ ਦੇ ਦਾਅਵੇਦਾਰ ਹੁਣ ਕੌਣ ਹਨ? ਦੇਸ਼ ਦੀ ਸੁਰੱਖਿਆ ਦੀ ਅਹਿਮ ਜ਼ਿੰਮੇਵਾਰੀ ਹੁਣ ਕਿਸ ਦੇ ਮੋਢਿਆਂ ’ਤੇ ਹੋਵੇਗੀ? ਇਸ ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਮ ਲਗਭਗ 6.30 ਵਜੇ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਬੈਠਕ ਕੀਤੀ। ਇਸ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਮੇਟੀ ਦੇ ਮੈਂਬਰ ਸ਼ਾਮਲ ਹੋਏ। ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਅਜੀਤ ਡੋਭਾਲ, ਪ੍ਰਧਾਨ ਮੰਤਰੀ ਦੇ ਮੁੱਖ ਸਕੱਤਰ ਪੀ. ਕੇ. ਮਿਸ਼ਰਾ ਅਤੇ ਕੈਬਨਿਟ ਸਕੱਤਰ ਰਾਜੀਵ ਗਾਬਾ ਵੀ ਬੈਠਕ ’ਚ ਸ਼ਾਮਲ ਹੋਏ। ਸੂਤਰਾਂ ਅਨੁਸਾਰ ਬੈਠਕ ’ਚ ਬਿਪਿਨ ਰਾਵਤ ਦੀ ਜਗ੍ਹਾ ਨਵੇਂ ਸੀ. ਡੀ. ਐੱਸ. ਦੇ ਨਾਂ ’ਤੇ ਚਰਚਾ ਹੋਈ। ਸੀਨੀਆਰਤਾ ਦੇ ਹਿਸਾਬ ਨਾਲ ਜਨਰਲ ਐੱਮ. ਐੱਮ. ਨਰਵਣੇ ਦੀ ਦਾਅਵੇਦਾਰੀ ਸਭ ਤੋਂ ਮਜ਼ਬੂਤ ਹੈ। ਉਨ੍ਹਾਂ ਨੂੰ ਨਵਾਂ ਸੀ. ਡੀ. ਐੱਸ. ਬਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ - ਹੈਲੀਕਾਪਟਰ ਹਾਦਸੇ 'ਚ ਵਰੁਣ ਸਿੰਘ ਦੀ ਬਚੀ ਜਾਨ, ਹਸਪਤਾਲ 'ਚ ਲੜ ਰਹੇ ਹਨ ਜ਼ਿੰਦਗੀ ਅਤੇ ਮੌਤ ਦੀ ਜੰਗ
ਫੌਜੀ ਸੁਧਾਰਾਂ ਲਈ ਯਾਦ ਕੀਤੇ ਜਾਣਗੇ ਰਾਵਤ : ਨਰਵਣੇ
ਫੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਣੇ ਨੇ ਸੀ. ਡੀ. ਐੱਸ. ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੂਲਿਕਾ ਰਾਵਤ ਤੇ 11 ਹੋਰ ਫੌਜੀਆਂ ਦੀ ਬੁੱਧਵਾਰ ਨੂੰ ਹੈਲੀਕਾਪਟਰ ਹਾਦਸੇ ਵਿਚ ਹੋਈ ਮੌਤ ’ਤੇ ਸੋਗ ਪ੍ਰਗਟ ਕੀਤਾ ਹੈ। ਜਨਰਲ ਨਰਵਣੇ ਨੇ ਕਿਹਾ ਕਿ ਜਨਰਲ ਰਾਵਤ ਨੂੰ ਉਨ੍ਹਾਂ ਦੀ ਦੂਰਦਰਸ਼ੀ ਸੋਚ ਤੇ ਲੰਮੇ ਸਮੇਂ ਦੇ ਨਤੀਜੇ ਵਾਲੇ ਫੌਜੀ ਸੁਧਾਰਾਂ ਲਈ ਯਾਦ ਕੀਤਾ ਜਾਵੇਗਾ। ਰਾਵਤ ਨੇ ਹਥਿਆਰਬੰਦ ਫੌਜਾਂ ਵਿਚ ਸਾਂਝੀ ਥੀਏਟਰ ਕਮਾਨ ਦੀ ਧਾਰਨਾ ਅਤੇ ਉਸ ਦੀ ਬੁਨਿਆਦ ਰੱਖਣ ਵਿਚ ਅਹਿਮ ਭੂਮਿਕਾ ਨਿਭਾਈ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।