ਦੇਸ਼ ਅੰਦਰ ਫੈਲਣ ਲੱਗਾ ਨਵਾਂ ਵਾਇਰਸ! ਹੁਣ ਤਕ 7 ਮੌਤਾਂ, ਕਈ ਨਵੇਂ ਕੇਸ

Wednesday, Feb 12, 2025 - 02:33 PM (IST)

ਦੇਸ਼ ਅੰਦਰ ਫੈਲਣ ਲੱਗਾ ਨਵਾਂ ਵਾਇਰਸ! ਹੁਣ ਤਕ 7 ਮੌਤਾਂ, ਕਈ ਨਵੇਂ ਕੇਸ

ਮੁੰਬਈ : ਦੇਸ਼ ਅੰਦਰ ਫੈਲ ਰਹੇ ਵਾਇਰਸ ਨੇ ਸਿਹਤ ਮਾਹਿਰਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਵਾਇਰਸ ਕਾਰਨ ਹੋਈ ਤਾਜ਼ਾ ਮੌਤ ਨੇ ਹੋਰ ਵੀ ਡਰ ਪੈਦਾ ਕਰ ਦਿੱਤਾ ਹੈ। ਮਹਾਰਾਸ਼ਟਰ ਵਿੱਚ ਗੁਇਲੇਨ ਬਰੇ ਸਿੰਡਰੋਮ (ਜੀਬੀਐਸ) ਬੁਰੀ ਤਰ੍ਹਾਂ ਫੈਲ ਰਿਹਾ ਹੈ। ਮੁੰਬਈ ਦੇ ਨਾਇਰ ਹਸਪਤਾਲ ਵਿੱਚ ਦਾਖਲ ਇੱਕ 53 ਸਾਲਾ ਮਰੀਜ਼ ਦੀ ਇਸ ਸਿੰਡਰੋਮ ਕਾਰਨ ਮੌਤ ਹੋ ਗਈ ਹੈ। ਮਰੀਜ਼ ਵਡਾਲਾ ਇਲਾਕੇ ਦਾ ਰਹਿਣ ਵਾਲਾ ਸੀ ਅਤੇ ਬੀਐਮਸੀ ਦੇ ਬੀਐਨ ਦੇਸਾਈ ਹਸਪਤਾਲ ਵਿੱਚ ਵਾਰਡ ਬੁਆਏ ਵਜੋਂ ਕੰਮ ਕਰਦਾ ਸੀ। 

ਪ੍ਰਾਪਤ ਜਾਣਕਾਰੀ ਅਨੁਸਾਰ ਨਾਇਰ ਹਸਪਤਾਲ 'ਚ ਉਸਦਾ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਇਲਾਜ ਚੱਲ ਰਿਹਾ ਸੀ। ਇਸੇ ਵਾਇਰਸ ਤੋਂ ਪੀੜਤ ਇਕ ਹੋਰ ਲੜਕੀ ਵੀ ਇਸੇ ਹਸਪਤਾਲ ਵਿੱਚ ਦਾਖਲ ਹੈ। ਇਹ ਲੜਕੀ ਪਾਲਘਰ ਇਲਾਕੇ ਦੀ ਰਹਿਣ ਵਾਲੀ ਹੈ ਅਤੇ 10ਵੀਂ ਜਮਾਤ ਦੀ ਵਿਦਿਆਰਥਣ ਹੈ। ਇਸ ਤੋਂ ਪਹਿਲਾਂ 6 ਫਰਵਰੀ ਨੂੰ ਜੀਬੀਐਸ ਸਿੰਡਰੋਮ ਵਾਇਰਸ ਕਾਰਨ ਇੱਕ ਮਰੀਜ਼ ਦੀ ਮੌਤ ਹੋ ਗਈ ਸੀ।

ਜੀਬੀਐਸ ਸਿੰਡਰੋਮ ਵਾਇਰਸ ਦੇ ਲੱਛਣ ਕੀ ਹਨ?

  • ਇਹ ਇੱਕ ਨਿਊਰੋਲੌਜੀਕਲ ਬਿਮਾਰੀ ਹੈ।
  • ਇਸ ਦੇ ਲੱਛਣ ਸਵਾਈਨ ਫਲੂ ਵਰਗੇ ਹੁੰਦੇ ਹਨ।
  • ਜਿਸ ਕਾਰਨ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਸ਼ਰੀਰ ਦੇ ਅੰਗ ਸੁੰਨ ਪੈਣੇ ਸ਼ੁਰੂ ਹੋ ਜਾਂਦੇ ਹਨ। 
  • ਇਸ ਨਾਲ ਅਧਰੰਗ ਜਾਂ ਕਦੇ-ਕਦੇ ਮੌਤ ਵੀ ਹੋ ਸਕਦੀ ਹੈ। 
  • ਜੀਬੀਐੱਸ 'ਚ ਪੈਰਾਂ ਤੋਂ ਅਧਰੰਗ ਸ਼ੁਰੂ ਹੋ ਕੇ ਸਾਹ ਲੈਣ ਦੀ ਸਮੱਸਿਆ ਤਕ ਪਹੁੰਚ ਸਕਦਾ ਹੈ।
  • ਬਹੁਤ ਸਾਰੇ ਮਰੀਜ਼ ਵੈਂਟੀਲੇਟਰ 'ਤੇ ਚਲੇ ਜਾਂਦੇ ਹਨ। 
  • ਜੀਬੀਐੱਸ ਸਿੰਡਰੋਮ ਵਾਇਰਸ ਦਾ ਕੋਈ ਪੱਕਾ ਇਲਾਜ਼ ਨਹੀਂ ਹੈ। 
  • ਇਸਦੇ ਲੱਛਣ ਜਿਵੇਂ ਪੈਰਾਂ ਵਿੱਚ ਕਮਜ਼ੋਰੀ, ਲੱਤਾਂ ਵਿੱਚ ਸੁੰਨ ਹੋਣਾ, ਝੁਨਝੁਣੀ ਉੱਠਣਾ ਜਾਂ ਸੁੰਨਾਪਨ ਹੱਥਾਂ ਤਕ ਫੈਲ ਸਕਦਾ ਹੈ। 
  • ਇਹ ਲੱਛਣ ਹਫਤਿਆਂ ਤਕ ਰਹਿ ਸਕਦੇ ਹਨ, ਜ਼ਿਆਦਾਤਰ ਮਾਮਲਿਆਂ ਵਿੱਚ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ, ਹਲਾਂਕਿ ਕੁਝ ਮਾਮਲਿਆਂ ਵਿੱਚ ਲੰਬੇ ਸਮੇਂ ਤਕ ਅਸਰ ਰਹਿੰਦਾ ਹੈ।
  • ਸੂਬੇ ਵਿੱਚ 172 ਮਰੀਜ਼ਾਂ ਵਿੱਚ ਇਸ ਵਾਇਰਸ ਦੀ ਪੁਸ਼ਟੀ ਹੋਈ ਹੈ। 
  • ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ, 1 ਦੀ ਮੌਤ ਜੀਬੀਐਸ ਕਾਰਨ ਹੋਈ ਹੈ, ਜਦਕਿ 6 ਮੌਤਾਂ ਸ਼ੱਕੀ ਦੱਸੀਆਂ ਜਾ ਰਹੀਆਂ ਹਨ। 

ਇਸ ਤੋਂ ਪਹਿਲਾਂ 26 ਜਨਵਰੀ ਨੂੰ ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਚਾਰਟਰਡ ਅਕਾਊਂਟੈਂਟ ਦੀ ਗੁਇਲੇਨ-ਬੈਰੇ ਸਿੰਡਰੋਮ (ਜੀਬੀਐਸ) ਬਿਮਾਰੀ ਨਾਲ ਮੌਤ ਹੋ ਗਈ ਸੀ। ਉਹ ਡੀਐਸਕੇ ਵਿਸ਼ਵਾ ਇਲਾਕੇ ਵਿੱਚ ਰਹਿੰਦਾ ਸੀ। ਗੁਇਲੇਨ-ਬੈਰੇ ਸਿੰਡਰੋਮ (ਜੀਬੀਐਸ) ਦੇ ਪ੍ਰਕੋਪ ਦੇ ਵਿਚਕਾਰ, 29 ਜਨਵਰੀ ਨੂੰ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਪ੍ਰਸ਼ਾਸਨ ਨੂੰ ਮਰੀਜ਼ਾਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ ਵਿਸ਼ੇਸ਼ ਪ੍ਰਬੰਧ ਕਰਨ ਲਈ ਕਿਹਾ ਸੀ।

ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ 27 ਜਨਵਰੀ ਨੂੰ ਪੁਣੇ ਵਿੱਚ ਜੀਬੀਐਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸੂਬੇ ਵਿੱਚ ਜਨਤਕ ਸਿਹਤ ਦਖਲਅੰਦਾਜ਼ੀ ਅਤੇ ਪ੍ਰਬੰਧਨ ਵਿੱਚ ਸਹਾਇਤਾ ਲਈ ਸੱਤ ਮੈਂਬਰੀ ਟੀਮ ਤਾਇਨਾਤ ਕੀਤੀ ਸੀ। ਕੇਂਦਰ ਦੀ ਉੱਚ ਪੱਧਰੀ ਟੀਮ ਵਿੱਚ ਬਹੁ-ਅਨੁਸ਼ਾਸਨੀ ਮਾਹਿਰ ਸ਼ਾਮਲ ਸਨ। ਇਸਦਾ ਉਦੇਸ਼ GBS ਦੇ ਸ਼ੱਕੀ ਅਤੇ ਪੁਸ਼ਟੀ ਕੀਤੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਜਨਤਕ ਸਿਹਤ ਦਖਲਅੰਦਾਜ਼ੀ ਅਤੇ ਪ੍ਰਬੰਧਨ ਸਥਾਪਤ ਕਰਨ ਵਿੱਚ ਸੂਬੇ ਦੀਆਂ ਸਿਹਤ ਅਥਾਰਟੀਆਂ ਦਾ ਸਮਰਥਨ ਕਰਨਾ ਹੈ।

ਜ਼ਰੂਰ ਅਪਣਾਓ ਇਹ ਸਾਵਧਾਨੀਆਂ

ਸੂਬੇ ਦੇ ਸਿਹਤ ਵਿਭਾਗ ਨੇ ਸਲਾਹ ਦਿੱਤੀ ਹੈ ਕਿ ਆਮ ਸਾਵਧਾਨੀਆਂ ਵਰਤ ਕੇ ਜੀਬੀਐੱਸ ਨੂੰ ਕੁਝ ਹੱਦ ਤਕ ਰੋਕਿਆ ਜਾ ਸਕਦਾ ਹੈ, ਜਿਵੇਂ ਕਿ ਉਬਾਲੇ/ਬੋਤਲ ਬੰਦ ਪਾਣੀ ਪੀਣਾ, ਖਾਣ ਤੋਂ ਪਹਿਲਾਂ ਫਲਾਂ ਅਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋਣਾ, ਚਿਕਨ ਅਤੇ ਮੀਟ ਨੂੰ ਚੰਗੀ ਤਰ੍ਹਾਂ ਪਕਾਉਣਾ, ਕੱਚੇ ਜਾਂ ਘੱਟ ਪਕਾਏ ਭੋਜਨ, ਖਾਸ ਤੌਰ 'ਤੇ ਸਲਾਦ, ਅੰਡੇ, ਕਬਾਬ ਜਾਂ ਸਮੁੰਦਰੀ ਭੋਜਨ ਤੋਂ ਪਰਹੇਜ਼ ਕਰਨਾ। 
 


author

DILSHER

Content Editor

Related News