ਅਡਾਨੀ ਨੂੰ ਇਕ ਹੋਰ ਝਟਕਾ, ਹੁਣ ਦੁਨੀਆ ਦੇ ਟਾਪ-20 ਅਮੀਰਾਂ ਦੀ ਸੂਚੀ ਤੋਂ ਬਾਹਰ
Sunday, Nov 24, 2024 - 04:40 PM (IST)
ਨੈਸ਼ਨਲ ਡੈਸਕ- ਪਿਛਲੇ ਦੋ ਦਿਨ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਲਈ ਮੁਸ਼ਕਿਲ ਭਰੇ ਨਿਕਲੇ ਹਨ। ਰਿਸ਼ਵਤ ਦੇਣ ਅਤੇ ਧੋਖਾਦੇਹੀ ਦੇ ਦੋਸ਼ ’ਚ ਅਮਰੀਕੀ ਅਦਾਲਤ ਨੇ ਵੀਰਵਾਰ ਨੂੰ ਉਨ੍ਹਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਇਸ ਤੋਂ ਬਾਅਦ ਅਡਾਨੀ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰ ਧੜੱਮ ਹੋ ਗਏ ਸਨ। ਵੀਰਵਾਰ ਨੂੰ ਇਨ੍ਹਾਂ ਦੀਆਂ ਸਾਰੀਆਂ ਕੰਪਨੀਆਂ ਦਾ ਮਾਰਕੀਟ ਕੈਪ ਲੱਗਭਗ ਢਾਈ ਲੱਖ ਕਰੋਡ਼ ਰੁਪਏ ਡਿੱਗ ਗਿਆ ਸੀ। ਅਗਲੇ ਦਿਨ ਸ਼ੁੱਕਰਵਾਰ ਨੂੰ ਸਵੇਰੇ ਵੀ ਸਾਰੇ ਸ਼ੇਅਰ ਲਾਲ ਨਿਸ਼ਾਨ ’ਤੇ ਸਨ। ਹਾਲਾਂਕਿ ਸ਼ਾਮ ਨੂੰ ਕਈਆਂ ਨੇ ਰਿਕਵਰੀ ਕਰ ਲਈ ਸੀ ਪਰ ਇਸ ਨਾਲ ਅਡਾਨੀ ਦੀ ਨੈੱਟਵਰਥ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਇਸ ਝਟਕੇ ਕਾਰਨ ਅਡਾਨੀ ਦੀ ਨੈੱਟਵਰਥ ’ਚ ਭਾਰੀ ਕਮੀ ਆਈ ਹੈ। ਬਲੂਮਬਰਗ ਬਿਲੇਨੀਅਰਜ਼ ਇੰਡੈਕਸ ’ਚ ਅਡਾਨੀ ਦਾ ਨੰਬਰ ਕਾਫ਼ੀ ਡਿੱਗ ਗਿਆ ਹੈ। ਉਹ ਦੁਨੀਆ ਦੇ ਟਾਪ-20 ਅਮੀਰਾਂ ਤੋਂ ਬਾਹਰ ਹੋ ਗਏ ਹਨ। ਇਸ ਇੰਡੈਕਸ ਮੁਤਾਬਕ ਅਡਾਨੀ ਦੀ ਨੈੱਟਵਰਥ ’ਚ ਪਿਛਲੇ ਦੋ ਦਿਨਾਂ ’ਚ 14 ਬਿਲੀਅਨ ਡਾਲਰ ਤੋਂ ਜ਼ਿਆਦਾ ਦੀ ਕਮੀ ਆਈ ਹੈ।
ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ
ਕਿੱਥੇ ਪੁੱਜੇ ਅਡਾਨੀ?
ਅਮਰੀਕੀ ਅਦਾਲਤ ਦੇ ਹੁਕਮ ਤੋਂ ਪਹਿਲਾਂ ਅਡਾਨੀ ਇਸ ਸੂਚੀ ’ਚ 17ਵੇਂ ਸਥਾਨ ’ਤੇ ਸਨ। ਉਸ ਸਮੇਂ ਅਡਾਨੀ ਦੀ ਨੈੱਟਵਰਥ 85.5 ਬਿਲੀਅਨ ਡਾਲਰ ਸੀ। ਸ਼ਨੀਵਾਰ ਨੂੰ ਤਾਜ਼ਾ ਸੂਚੀ ’ਚ ਅਡਾਨੀ 17ਵੇਂ ਸਥਾਨ ਤੋਂ ਖਿਸਕ ਕੇ 21ਵੇਂ ਸਥਾਨ ’ਤੇ ਆ ਗਏ ਹਨ, ਭਾਵ ਉਹ ਦੁਨੀਆ ਦੇ ਟਾਪ-20 ਅਮੀਰਾਂ ਦੀ ਸੂਚੀ ਤੋਂ ਬਾਹਰ ਹੋ ਗਏ ਹਨ। ਬਲੂਮਬਰਗ ਬਿਲੇਨੀਅਰਜ਼ ਇੰਡੈਕਸ ਅਨੁਸਾਰ ਇਨ੍ਹਾਂ ਦੋ ਦਿਨਾਂ ’ਚ ਅਡਾਨੀ ਦੀ ਨੈੱਟਵਰਥ ’ਚ 14.7 ਬਿਲੀਅਨ ਡਾਲਰ ਦੀ ਕਮੀ ਆਈ ਹੈ। ਇਸ ਕਮੀ ਨਾਲ ਹੁਣ ਅਡਾਨੀ ਦੀ ਨੈੱਟਵਰਥ 70.8 ਬਿਲੀਅਨ ਡਾਲਰ ਰਹਿ ਗਈ ਹੈ। 24 ਘੰਟਿਆਂ ’ਚ ਅਡਾਨੀ ਨੂੰ 1.19 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ।
ਫੋਰਬਸ ਦੀ ਲਿਸਟ ’ਚ ਵੀ ਹੋਇਆ ਨੁਕਸਾਨ
ਫੋਰਬਸ ਦੀ ਬਿਲੇਨੀਅਰਜ਼ ਲਿਸਟ ’ਚ ਵੀ ਅਡਾਨੀ ਨੂੰ ਭਾਰੀ ਨੁਕਸਾਨ ਹੋਇਆ ਹੈ। ਫੋਰਬਸ ਮੁਤਾਬਕ ਵੀਰਵਾਰ ਨੂੰ ਅਡਾਨੀ ਦੀ ਜਾਇਦਾਦ ’ਚ 17.34 ਫ਼ੀਸਦੀ ਦੀ ਗਿਰਾਵਟ ਆਈ ਸੀ, ਭਾਵ ਅਡਾਨੀ ਦੀ ਜਾਇਦਾਦ ਇਕ ਦਿਨ ’ਚ ਲੱਗਭਗ 12.1 ਬਿਲੀਅਨ ਡਾਲਰ ਡਿੱਗ ਕੇ 57.7 ਬਿਲੀਅਨ ਡਾਲਰ ਰਹਿ ਗਈ ਸੀ। ਇਸ ਗਿਰਾਵਟ ਕਾਰਨ ਅਡਾਨੀ ਫੋਰਬਸ ਦੀ ਰੀਅਲ ਟਾਈਮ ਬਿਲੇਨੀਅਰਜ਼ ਲਿਸਟ ’ਚ 22ਵੇਂ ਸਥਾਨ ਤੋਂ ਖਿਸਕ ਕੇ 25ਵੇਂ ਸਥਾਨ ’ਤੇ ਆ ਗਏ ਸਨ ਪਰ ਸ਼ੁੱਕਰਵਾਰ ਨੂੰ ਅਡਾਨੀ ਨੂੰ ਇਸ ਲਿਸਟ ’ਚ ਹੋਰ ਨੁਕਸਾਨ ਹੋਇਆ। ਸ਼ੁੱਕਰਵਾਰ ਨੂੰ ਉਨ੍ਹਾਂ ਦੀ ਜਾਇਦਾਦ 1.58 ਫ਼ੀਸਦੀ ਡਿੱਗ ਕੇ 56.7 ਬਿਲੀਅਨ ਡਾਲਰ ਰਹਿ ਗਈ। ਅਜਿਹੇ ’ਚ ਸ਼ਨੀਵਾਰ ਨੂੰ ਅਡਾਨੀ ਫੋਰਬਸ ਦੀ ਰੀਅਲ ਟਾਈਮ ਬਿਲੇਨੀਅਰਜ਼ ਲਿਸਟ ’ਚ 25ਵੇਂ ਸਥਾਨ ਤੋਂ ਖਿਸਕ ਕੇ 27ਵੇਂ ਸਥਾਨ ’ਤੇ ਆ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8