ਜੇਲ ''ਚ ਬੰਦ ਗੈਂਗਸਟਰ ਦੀ ਹੋ ਗਈ ਮੌਤ
Friday, Jul 19, 2024 - 08:46 PM (IST)

ਪਾਣੀਪਤ : ਹਰਿਆਣਾ ਦੀ ਪਾਣੀਪਤ ਜ਼ਿਲਾ ਜੇਲ੍ਹ 'ਚ ਬੰਦ ਗੈਂਗਸਟਰ ਦੀ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਵਿੱਚ ਬੰਦ ਗੈਂਗਸਟਰ ਰਿਸ਼ੀ ਚੁਲਕਾਣਾ ਅਚਾਨਕ ਬਿਮਾਰ ਪੈ ਗਿਆ, ਜਿਸ ਪਿੱਛੋਂ ਉਸਨੂੰ ਇਲਾਜ਼ ਲਈ ਰੋਹਤਕ ਦੇ ਪੀਜੀਆਈ ਦਾਖਲ ਕਰਵਾਇਆ ਗਿਆ ਪਰ ਇਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਗੱਲ ਦੀ ਪੁੱਸ਼ਟੀ ਰੋਹਤਕ ਦੇ ਪੀ. ਜੀ. ਆਈ. ਐੱਮ.ਐੱਸ. ਥਾਣੇ ਦੇ ਇੰਚਾਰਜ਼ ਇੰਸਪੈਕਟਰ ਰੋਸ਼ਨ ਲਾਲ ਨੇ ਕੀਤੀ ਹੈ।
ਜਾਣਕਾਰੀ ਦਿੰਦਿਆਂ ਇੰਸਪੈਕਟਰ ਰੋਸ਼ਨ ਲਾਲ ਨੇ ਦੱਸਿਆ ਕਿ ਗੈਂਗਸਟਰ ਰਿਸ਼ੀ ਚੁਲਕਾਣਾ ਨੂੰ ਅਚਾਨਕ ਛਾਤੀ 'ਚ ਦਰਦ ਹੋਇਆ। ਇਸ ਪਿੱਛੋਂ ਉਸਨੇ ਜੇਲ੍ਹ ਪ੍ਰਸ਼ਾਸਨ ਨੂੰ ਇਸਦੀ ਸੂਚਨਾ ਦਿੱਤੀ। ਗੈਂਗਸਟਰ ਨੂੰ ਜੇਲ੍ਹ 'ਚ ਹੀ ਮੁੱਢਲੀ ਸਹਾਇਤਾ ਦਿੱਤੀ ਗਈ ਪਰ ਉਸਨੂੰ ਕੋਈ ਆਰਾਮ ਨਹੀਂ ਮਿਲਿਆ। ਜਿਸ ਪਿੱਛੋਂ ਉਸਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਿਵਲ ਹਸਪਤਾਲ ਭੇਜਿਆ ਗਿਆ। ਜਿਥੇ ਉਸਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸਖ਼ਤ ਪੁਲਿਸ ਸੁਰੱਖਿਆ ਹੇਠ ਪੁਲਿਸ ਵੈਨ ਵਿੱਚ ਰੋਹਤਕ ਲਿਜਾਇਆ ਗਿਆ। ਜਿੱਥੇ ਰਿਸ਼ੀ ਚੁਲਕਣਾ ਦੀ ਮੌਤ ਹੋ ਗਈ।
ਪੁਲਸ ਰਿਕਾਰਡ ਅਨੁਸਾਰ ਰਿਸ਼ੀ ਚੁਲਕਾਣਾ ਨੇ ਆਪਣੇ ਅਪਰਾਧਿਕ ਜੀਵਨ ਦੀ ਸ਼ੁਰੂਆਤ ਇਸੇ ਪਿੰਡ ਦੇ ਦਿਨੇਸ਼ ਗੈਂਗ ਨਾਲ ਕੀਤੀ ਸੀ। ਕੁਝ ਹੀ ਦਿਨਾਂ ਵਿਚ ਉਹ ਗੈਂਗ ਦਾ ਸ਼ਾਰਪ ਸ਼ੂਟਰ ਬਣ ਗਿਆ। ਉਸ ਨੇ ਇਸੇ ਪਿੰਡ ਦੇ ਫੂਡ ਐਂਡ ਸਪਲਾਈ ਦੇ ਇੰਸਪੈਕਟਰ ਰਮੇਸ਼ ਦਾ ਕਤਲ ਕੀਤਾ ਸੀ। ਜਿਸ ਵਿੱਚ ਦੋਸ਼ੀ ਨੂੰ ਸਾਢੇ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ।
ਰਿਸ਼ੀ ਚੁਲਕਾਣਾ ਨੇ ਇਸ ਮਾਮਲੇ ‘ਚ ਹਾਈਕੋਰਟ ਤੋਂ ਪੈਰੋਲ ਲਈ ਸੀ ਅਤੇ ਬਾਹਰ ਆਉਂਦੇ ਹੀ ਉਸ ਨੇ ਸੋਨੀਪਤ ‘ਚ ਇਕ ਵਿਅਕਤੀ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਰਿਕਾਰਡ ਮੁਤਾਬਕ ਰਿਸ਼ੀ ਚੁਲਕਾਣਾ ਨੇ ਦਸਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਮੁਲਜ਼ਮ ਵਿਚਕਾਰ ਯੂ. ਪੀ. ਵਿੱਚ ਇੱਕ ਡੇਅਰੀ ਵੀ ਚਲਾਉਂਦਾ ਸੀ ਪਰ ਉਸ ਨੂੰ ਅਪਰਾਧ ਦੀ ਦੁਨੀਆਂ ਵਿੱਚ ਆਪਣਾ ਨਾਂ ਕਮਾਉਣਾ ਪਿਆ।