ਸਮੁੱਚੇ ਦੇਸ਼ ਦੇ ਸਿੱਖਿਆ ਸੰਸਥਾਨਾਂ ਦੀਆਂ ਜਾਅਲੀ ਮਾਰਕ ਸ਼ੀਟਾਂ ਵੇਚਣ ਵਾਲੇ 2 ਗ੍ਰਿਫਤਾਰ
Tuesday, Aug 01, 2023 - 03:37 PM (IST)
ਇੰਦੌਰ, (ਭਾਸ਼ਾ)- ਦੇਸ਼ ਭਰ ਦੇ ਵੱਖ-ਵੱਖ ਸਿੱਖਿਆ ਸੰਸਥਾਨਾਂ ਦੇ ਨਾਂ ਨਾਲ ਜਾਅਲੀ ਮਾਰਕ ਸ਼ੀਟਾਂ ਬਣਾ ਕੇ ਵੇਚਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਸੋਮਵਾਰ ਨੂੰ ਇੰਦੌਰ ’ਚ 2 ਮੁਲਜ਼ਮਾਂ ਦਿਨੇਸ਼ ਸੇਵਕ ਰਾਮ ਅਤੇ ਮਨੀਸ਼ ਰਾਠੌਰ ਨੂੰ ਗ੍ਰਿਫਤਾਰ ਕੀਤਾ ਗਿਆ।
ਇਹ ਗਿਰੋਹ ਜਮਾਤ 8ਵੀਂ ਤੋਂ ਲੈ ਕੇ ਹੋਮਿਓਪੈਥੀ, ਆਯੁਰਵੇਦ ਅਤੇ ਫਾਰਮੇਸੀ ਦੇ ਗ੍ਰੈਜੂਏਟ ਕੋਰਸਾਂ ਤੱਕ ਦੀਆਂ ਜਾਅਲੀ ਮਾਰਕ ਸ਼ੀਟਾਂ ਬਣਾ ਕੇ ਉਨ੍ਹਾਂ ਨੂੰ ਉੱਚੀਆਂ ਕੀਮਤਾਂ ’ਤੇ ਵੇਚਦਾ ਸੀ। ਗਿਰੋਹ ਨੇ ਪਿਛਲੇ 5 ਸਾਲਾਂ ’ਚ ਮੱਧ ਪ੍ਰਦੇਸ਼ ਦੇ ਨਾਲ-ਨਾਲ ਦਿੱਲੀ, ਪੰਜਾਬ, ਬਿਹਾਰ ਅਤੇ ਰਾਜਸਥਾਨ ਦੇ ਉਚ ਸਿੱਖਿਆ ਸੰਸਥਾਨਾਂ ਦੇ ਨਾਂਵਾਂ ਨਾਲ 500 ਜਾਅਲੀ ਮਾਰਕ ਸ਼ੀਟਾਂ ਵੇਚੀਆਂ ਹਨ। ਮੁਲਜ਼ਮਾਂ ਨੇ ਕੁਝ ਅਜਿਹੀਆਂ ਯੂਨੀਵਰਸਿਟੀਆਂ ਦੀਆਂ ਜਾਅਲੀ ਮਾਰਕ ਸ਼ੀਟਾਂ ਵੀ ਬਣਾ ਕੇ ਵੇਚ ਦਿੱਤੀਆਂ ਜਿਨ੍ਹਾਂ ਦੀ ਕੋਈ ਹੋਂਦ ਹੀ ਨਹੀਂ ਹੈ। ਗ੍ਰਿਫਤਾਰ ਮੁਲਜ਼ਮਾਂ ਦੇ ਕਬਜ਼ੇ ’ਚੋਂ ਕੁਝ ਯੂਨੀਵਰਸਿਟੀਆਂ ਦੀਆਂ ਨਕਲੀ ਮੋਹਰਾਂ ਵੀ ਜ਼ਬਤ ਕੀਤੀਆਂ ਗਈਆਂ ਹਨ।