ਜਾਤ ਤੇ ਭਾਸ਼ਾ ਦੇ ਮੁੱਦੇ ’ਤੇ ਸਮਾਜ ਨੂੰ ਵੰਡਣ ਦੀਆਂ ਹੋ ਰਹੀਆਂ ਹਨ ਕੋਸ਼ਿਸ਼ਾਂ : ਗਡਕਰੀ
Tuesday, Sep 16, 2025 - 11:35 PM (IST)

ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਜਾਤ, ਭਾਸ਼ਾ ਤੇ ਹੋਰ ਚੀਜ਼ਾਂ ਦੇ ਨਾਂ 'ਤੇ ਸਮਾਜ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਸ ’ਤੇ ਚਿੰਤਾ ਵੀ ਪ੍ਰਗਟ ਕੀਤੀ।
ਮੰਗਲਵਾਰ ਇੱਥੇ ਇਕ ਕਿਤਾਬ ਨੂੰ ਰਿਲੀਜ਼ ਕਰਨ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਉਦੋਂ ਹੀ ਤਰੱਕੀ ਕਰੇਗਾ ਅਤੇ ਮਜ਼ਬੂਤ ਬਣੇਗਾ ਜਦੋਂ ਇਸ ਦੇ ਲੋਕ ਇੱਕਜੁੱਟ ਰਹਿਣਗੇ।
ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅੱਜ ਪਛੜਾਪਣ ਇਕ ਸਿਅਾਸੀ ਸੁਆਰਥ ਬਣਦਾ ਜਾ ਰਿਹਾ ਹੈ। ਹਰ ਕੋਈ ਕਹਿੰਦਾ ਹੈ ਕਿ ਮੈਂ ਪਛੜਾ ਹਾਂ-ਮੈਂ ਪਛੜਾ ਹਾਂ। ਜਾਤ, ਭਾਸ਼ਾ ਤੇ ਹਰ ਚੀਜ਼ ਦੇ ਨਾਂ ’ਤੇ ਸਮਾਜ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐਸ.) ਦੇ 100 ਸਾਲ ਦੇ ਸਫ਼ਰ ’ਤੇ ਚਰਚਾ ਕਰਦਿਆਂ ਗਡਕਰੀ ਨੇ ਕਿਹਾ ਕਿ ਵਿਰੋਧੀਆਂ ਨੇ ਵੀ ਕਈ ਮੌਕਿਆਂ ’ਤੇ ਸੰਘ ਨੂੰ ਜਾਤੀਵਾਦੀ ਅਤੇ ਫਿਰਕੂ ਕਹਿ ਕੇ ਬਦਨਾਮ ਕੀਤਾ ਹੈ। ਸੰਘ ’ਚ ਕਿਸੇ ਦੀ ਜਾਤ ਨਹੀਂ ਪੁੱਛੀ ਜਾਂਦੀ। ਸੰਘ ’ਚ ਕੋਈ ਵਿਤਕਰਾ ਨਹੀਂ ਹੈ, ਕੋਈ ਛੂਤਛਾਤ ਨਹੀਂ ਹੈ। ਅਸੀਂ ਦੁਨੀਆ ਦੇ ਹਰ ਵਿਅਕਤੀ ਦੀ ਭਲਾਈ ਤੇ ਤਰੱਕੀ ਦੀ ਕਾਮਨਾ ਕਰਦੇ ਹਾਂ, ਇੱਥੋਂ ਤੱਕ ਕਿ ਉਨ੍ਹਾਂ ਦੀ ਵੀ ਜੋ ਸਾਡਾ ਵਿਰੋਧ ਕਰਦੇ ਹਨ।