PM ਮੋਦੀ ਨੇ G20 ਦੇ ਲੋਗੋ ਅਤੇ ਵੈੱਬਸਾਈਟ ਦਾ ਕੀਤਾ ਉਦਘਾਟਨ, ਕਿਹਾ- ਇਹ ਦੇਸ਼ ਲਈ ਮਾਣ ਦੀ ਗੱਲ
Tuesday, Nov 08, 2022 - 05:22 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ ਭਾਰਤ ਦੀ ਜੀ20 ਦੀ ਪ੍ਰਧਾਨਗੀ ਦੇ ਲੋਗੋ, ਥੀਮ ਅਤੇ ਵੈੱਬਸਾਈਟ ਦਾ ਉਦਘਾਟਨ ਕੀਤਾ। ਵੀਡੀਓ ਕਾਨਫਰੰਸ ਜ਼ਰੀਏ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਕੁਝ ਦਿਨਾਂ ਬਾਅਦ 1 ਦਸੰਬਰ ਤੋਂ ਭਾਰਤ ਜੀ-20 ਦੀ ਪ੍ਰਧਾਨਗੀ ਕਰੇਗਾ। ਇਹ ਭਾਰਤ ਲਈ ਇਤਿਹਾਸਕ ਮੌਕਾ ਹੈ। ਅੱਜ ਇਸ ਸੰਦਰਭ ਵਿਚ ਇਸ ਸੰਮੇਲਨ ਦੇ ਲੋਗੋ, ਥੀਮ ਅਤੇ ਵੈੱਬਸਾਈਟ ਦਾ ਉਦਘਾਟਨ ਕੀਤਾ ਗਿਆ ਹੈ।
ਪ੍ਰਧਾਨ ਮੰਤਹੀ ਨੇ ਕਿਹਾ ਜੀ20 ਦਾ ਇਹ ਲੋਗੋ ਸਿਰਫ ਇਕ ਪ੍ਰਤੀਕ ਚਿੰਨ੍ਹ ਨਹੀਂ ਹੈ। ਇਹ ਇਕ ਸੰਦੇਸ਼ ਹੈ। ਇਹ ਇਕ ਭਾਵਨਾ ਹੈ, ਜੋ ਸਾਡੇ ਰਗਾਂ ’ਚ ਹੈ। ਇਹ ਇਕ ਸੰਕਲਪ ਹੈ, ਜੋ ਸਾਡੀ ਸੋਚ ’ਚ ਸ਼ਾਮਲ ਰਿਹਾ ਹੈ। ਇਸ ਲੋਗੋ ’ਚ ਕਮਲ ਦਾ ਫੁੱਲ ਭਾਰਤ ਦੀ ਪੌਰਾਣਿਕ ਵਿਰਾਸਤ, ਆਸਥਾ ਅਤੇ ਬੌਧਿਕਤਾ ਨੂੰ ਦਰਸਾਉਂਦੀ ਹੈ।
India will assuming the G20 Presidency this year. Sharing my remarks at the launch of G20 website, theme and logo. https://t.co/mqJF4JkgMK
— Narendra Modi (@narendramodi) November 8, 2022
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੇ ਅੰਮ੍ਰਿਤਕਾਲ ’ਚ ਦੇਸ਼ ਦੇ ਸਾਹਮਣੇ ਇਹ ਜੀ20 ਦੀ ਪ੍ਰਧਾਨਗੀ ਦਾ ਕਿੰਨਾ ਵੱਡਾ ਮੌਕਾ ਆਇਆ ਹੈ। ਇਹ ਹਰ ਭਾਰਤੀ ਲਈ ਮਾਣ ਦੀ ਗੱਲ ਹੈ, ਉਸ ਦਾ ਮਾਣ ਵਧਾਉਣ ਵਾਲੀ ਗੱਲ ਹੈ। ਜੀ20 ਅਜਿਹੇ ਦੇਸ਼ਾਂ ਦਾ ਸਮੂਹ ਹੈ, ਜਿਨ੍ਹਾਂ ਦਾ ਆਰਥਿਕ ਸਹਿਯੋਗ ਵਿਸ਼ਵ ਦੀ 85 ਫ਼ੀਸਦੀ GDP ਦੀ ਨੁਮਾਇੰਦਗੀ ਕਰਦਾ ਹੈ। ਜੋ ਵਿਸ਼ਵ ਦੇ 75 ਫ਼ੀਸਦੀ ਵਪਾਰ ਦੀ ਨੁਮਾਇੰਦਗੀ ਕਰਦੇ ਹਨ। ਅੱਜ ਦੁਨੀਆ ’ਚ ਭਾਰਤ ਨੂੰ ਜਾਣਨ ਦੀ, ਭਾਰਤ ਨੂੰ ਸਮਝਣ ਦੀ ਇਕ ਜਗਿਆਸਾ ਹੈ। ਅੱਜ ਭਾਰਤ ਦਾ ਇਕ ਆਲੋਕ ’ਚ ਅਧਿਐਨ ਕੀਤਾ ਜਾ ਰਿਹਾ ਹੈ। ਸਾਡੇ ਭਵਿੱਖ ਨੂੰ ਲੈ ਕੇ ਅਭੁੱਤਪੂਰਨ ਆਸਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਹਨ।
ਕੀ ਹੈ G20
G20 ਵਿਸ਼ਵ ਦੀਆਂ ਪ੍ਰਮੁੱਖ ਵਿਕਸਿਤ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਦਾ ਇਕ ਅੰਤਰ-ਸਰਕਾਰੀ ਫੋਰਮ ਹੈ। ਇਸ ਵਿਚ ਅਰਜਨਟੀਨਾ, ਆਸਟਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ ਗਣਰਾਜ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਯੂ.ਕੇ, ਯੂ.ਐੱਸ ਅਤੇ ਯੂਰਪੀਅਨ ਯੂਨੀਅਨ (ਈ.ਯੂ) ਸ਼ਾਮਲ ਹਨ।