ਰਾਮਲੀਲਾ ਮੈਦਾਨ ਤੋਂ ਰੇਡੀਓ ਸਾਈਲੈਂਸ ਤੱਕ

Friday, Feb 06, 2026 - 11:58 PM (IST)

ਰਾਮਲੀਲਾ ਮੈਦਾਨ ਤੋਂ ਰੇਡੀਓ ਸਾਈਲੈਂਸ ਤੱਕ

ਨੈਸ਼ਨਲ ਡੈਸਕ- ਜਦੋਂ ਮੋਦੀ ਸਰਕਾਰ ਨੇ ਯੂ.ਪੀ.ਏ. ਦੇ ਮਨਰੇਗਾ ਨੂੰ ਰੱਦ ਕਰ ਦਿੱਤਾ ਅਤੇ ਜੀ ਰਾਮ ਜੀ ਬਿੱਲ ਪੇਸ਼ ਕੀਤਾ ਤਾਂ ਕਾਂਗਰਸ ਨੇ ਉਹੀ ਕੀਤਾ, ਜਿਸ ’ਚ ਉਹ ਸਭ ਤੋਂ ਮਾਹਰ ਹੈ-ਮੀਟਿੰਗਾਂ ਕੀਤੀਆਂ। ਸੰਸਦ ’ਚ ਜ਼ੋਰਦਾਰ ਵਿਰੋਧ ਹੋਇਆ, ਉਸ ਤੋਂ ਬਾਅਦ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ, ਰਾਮਲੀਲਾ ਮੈਦਾਨ ’ਚ ਰੈਲੀ ਹੋਈ ਅਤੇ ਬੇਸ਼ੱਕ, 45-ਦਿਨਾਂ ਦੇ ‘ਮਨਰੇਗਾ ਬਚਾਓ ਅਭਿਆਨ’ ਦੀ ਨਿਗਰਾਨੀ ਲਈ ਇਕ ਕਮੇਟੀ ਬਣੀ। ਤਿੰਨ ਹਫ਼ਤੇ ਬਾਅਦ, ਅੰਦੋਲਨ ਬਿਨਾਂ ਕਿਸੇ ਨਿਸ਼ਾਨ ਦੇ ਗਾਇਬ ਹੋ ਗਿਆ-ਨਾ ਕੋਈ ਚਰਚਾ, ਨਾ ਸੜਕਾਂ, ਨਾ ਕੋਈ ਦਬਾਅ। ਇਸ ਦੀ ਤੁਲਨਾ ਮਮਤਾ ਬੈਨਰਜੀ ਨਾਲ ਕਰੋ, ਜੋ ਈ.ਡੀ. ਨੋਟਿਸ ’ਤੇ ਸਿਆਹੀ ਸੁੱਕਣ ਤੋਂ ਪਹਿਲਾਂ ਹੀ ਸੜਕ ’ਤੇ ਉਤਰ ਆਉਂਦੀ ਹੈ। ਇਸ ਦੌਰਾਨ, ਕਾਂਗਰਸ ਅਜੇ ਵੀ ਆਪਣੀ ਟਾਈਮਿੰਗ ਦੀ ਯੋਜਨਾ ਬਣਾ ਰਹੀ ਹੈ-ਟਾਈਮਿੰਗ ਲੰਘ ਜਾਣ ਤੋਂ ਬਹੁਤ ਬਾਅਦ।

ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਰਾਹੁਲ ਦੇ ਦਾਅਵੇ ਉਨ੍ਹਾਂ ਦੀ ਟੀਮ ਵੱਲੋਂ ਕੋਈ ਗਰਾਊਂਡ ਵਰਕ ਨਾ ਕੀਤੇ ਜਾਣ ਕਾਰਨ ਫੇਲ ਹੋ ਗਏ। ਰਾਹੁਲ ਗਾਂਧੀ ਦਾ ਹਾਈਡ੍ਰੋਜਨ ਬੰਬ ਸੁੱਟਣ ਦਾ ਦਾਅਵਾ, ਜਿਸ ’ਚ ਉਨ੍ਹਾਂ ਨੇ ਚੋਣ ਕਮਿਸ਼ਨ ’ਤੇ ਵੋਟਰ ਸੂਚੀ ਵਿਚ ਭਾਰੀ ਗੜਬੜੀਆਂ ਦਾ ਦੋਸ਼ ਲਾਇਆ ਸੀ, ਬੁਰੀ ਤਰ੍ਹਾਂ ਉਲਟਾ ਪੈ ਗਿਆ ਹੈ। ਗਾਂਧੀ ਨੇ ਤਿੰਨ ਨਾਟਕੀ ਦਾਅਵੇ ਕੀਤੇ ਸਨ ਕਿ ਇਕ ਪਤੇ ’ਤੇ 66 ਵੋਟਰ ਦਰਜ ਸਨ ; ਕਿ 22 ਵੋਟਰਾਂ ਦੇ ਨਾਮ ਅੱਗੇ ਇਕ ਬ੍ਰਾਜ਼ੀਲੀਅਨ ਮਾਡਲ ਦੀ ਤਸਵੀਰ ਵਰਤੀ ਗਈ; ਅਤੇ ਇਕ ਔਰਤ ਦੀ ਤਸਵੀਰ 200 ਵੋਟਰ ਆਈ.ਡੀ. ਕਾਰਡਾਂ ’ਤੇ ਸੀ।

ਪਹਿਲਾ ਦੋਸ਼-ਬਹਾਦਰਗੜ੍ਹ ਦੇ ਗੋਦਰਾਣਾ ਪਿੰਡ ’ਚ ਇਕ ਘਰ ਵਿਚ 66 ਵੋਟਰਾਂ ਦਾ ਪਤਾ ਲੱਗਿਆ ਕਿ ਇਹ ਲੱਗਭਗ ਇਕ ਏਕੜ ਦੇ ਵੱਡੇ ਪਰਿਵਾਰਕ ਕੰਪਾਊਂਡ ਨਾਲ ਜੁੜਿਆ ਸੀ, ਜਿੱਥੇ ਕਈ ਪੀੜ੍ਹੀਆਂ ਇਕੱਠੀਆਂ ਰਹਿੰਦੀਆਂ ਹਨ। ਹਰ ਵੋਟਰ ਅਸਲੀ ਸੀ। ਇਸ ਗੱਲ ਦਾ ਪਤਾ ਲੱਗਣ ਨਾਲ ਕਾਂਗਰਸ ਨੂੰ ਸ਼ਰਮਿੰਦਗੀ ਉਠਾਉਣੀ ਪਈ, ਕਿਉਂਕਿ ਵਰਕਰਾਂ ਨੇ ਬੁਨਿਆਦੀ ਗਰਾਊਂਡ ਚੈਕਿੰਗ ਨਹੀਂ ਕੀਤੀ ਸੀ। ਦੂਜਾ ਦਾਅਵਾ : ਸੋਨੀਪਤ ਦੇ ਨੇੜੇ ਰਾਈ ਪਿੰਡ ਨਾਲ ਜੁੜੇ ‘ਬ੍ਰਾਜ਼ੀਲੀਅਨ ਮਾਡਲ’ ਮਾਮਲੇ ਤੋਂ ਪਤਾ ਲੱਗਿਆ ਕਿ ਜਿਨ੍ਹਾਂ ਸਾਰੀਆਂ ਔਰਤਾਂ ਦੇ ਨਾਂ ’ਤੇ ਮਾਡਲ ਦੀ ਤਸਵੀਰ ਸੀ-ਸ਼ੀਤਲ, ਮਨਜੀਤ ਅਤੇ ਦਰਸ਼ਨਾ-ਉਹ ਜਿਊਂਦੀਆਂ, ਸਥਾਨਕ ਅਤੇ ਬਿਲਕੁਲ ਅਸਲੀ ਸਨ।

ਦਰਸ਼ਨਾ ਨੇ ਤਾਂ ਆਪਣੀ ਤਸਵੀਰ ਵਾਲਾ ਆਪਣਾ ਵੋਟਰ ਆਈ.ਡੀ. ਕਾਰਡ ਵੀ ਦਿਖਾਇਆ। ਤੀਜਾ ਦੋਸ਼ : 200 ਨਾਵਾਂ ’ਤੇ ਇਕ ਔਰਤ ਦੀ ਤਸਵੀਰ ਵਰਤੀ ਗਈ, ਜਿਸ ਵਿਚ ਅੰਬਾਲਾ ਦੀ ਚਰਨਜੀਤ ਸ਼ਾਮਲ ਸੀ। ਉਹ ਵੀ ਆਸਾਨੀ ਨਾਲ ਮਿਲ ਗਈ ਅਤੇ ਉਸ ਨੇ ਕਿਹਾ ਕਿ ਉਸ ਨੇ ਸਿਰਫ਼ ਇਕ ਵਾਰ ਵੋਟ ਦਿੱਤੀ ਸੀ।


author

Rakesh

Content Editor

Related News