ਮੈਚ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਖ਼ਿਡਾਰੀ, ਮੈਦਾਨ ਛੱਡ ਜਾਣਾ ਪਿਆ ਹਸਪਤਾਲ
Thursday, Jun 04, 2026 - 09:07 PM (IST)
ਸਪੋਰਟਸ ਡੈਸਕ- ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਤੀਜੇ ਵਨਡੇ ਮੈਚ ਦੌਰਾਨ ਇੱਕ ਦਰਦਨਾਕ ਘਟਨਾ ਵਾਪਰੀ ਹੈ। ਪਾਕਿਸਤਾਨ ਦੇ ਨੌਜਵਾਨ ਸਲਾਮੀ ਬੱਲੇਬਾਜ਼ ਮਾਜ਼ ਸਦਾਕਤ ਫੀਲਡਿੰਗ ਦੌਰਾਨ ਬਾਊਂਡਰੀ ਰੋਕਣ ਦੀ ਕੋਸ਼ਿਸ਼ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਸ ਕਾਰਨ ਉਨ੍ਹਾਂ ਨੂੰ ਮੈਦਾਨ ਛੱਡ ਕੇ ਹਸਪਤਾਲ ਜਾਣਾ ਪਿਆ।
ਇਹ ਮੰਦਭਾਗੀ ਘਟਨਾ ਆਸਟ੍ਰੇਲੀਆਈ ਪਾਰੀ ਦੇ 10ਵੇਂ ਓਵਰ ਵਿੱਚ ਵਾਪਰੀ। ਪਾਕਿਸਤਾਨੀ ਸਪਿਨਰ ਅਰਾਫਾਤ ਮਿਨਹਾਸ ਦੀ ਗੇਂਦ 'ਤੇ ਮਾਰਨਸ ਲਾਬੂਸ਼ੇਨ ਨੇ ਸਕੁਏਅਰ ਲੈਗ ਦੀ ਦਿਸ਼ਾ ਵਿੱਚ ਇੱਕ ਤੇਜ਼ ਸ਼ਾਟ ਖੇਡਿਆ। ਗੇਂਦ ਨੂੰ ਬਾਊਂਡਰੀ ਤੋਂ ਪਹਿਲਾਂ ਰੋਕਣ ਲਈ 21 ਸਾਲਾ ਮਾਜ਼ ਸਦਾਕਤ ਨੇ ਪੂਰੀ ਤੇਜ਼ੀ ਨਾਲ ਦੌੜ ਲਗਾਈ ਅਤੇ ਗੇਂਦ ਨੂੰ ਰੋਕ ਤਾਂ ਲਿਆ, ਪਰ ਇਸ ਦੌਰਾਨ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ। ਉਨ੍ਹਾਂ ਦਾ ਸਿਰ ਜ਼ੋਰਦਾਰ ਤਰੀਕੇ ਨਾਲ ਜ਼ਮੀਨ ਨਾਲ ਟਕਰਾਇਆ ਅਤੇ ਉਹ ਬਾਊਂਡਰੀ ਨੇੜੇ ਲੱਗੇ ਵਿਗਿਆਪਨ ਬੋਰਡਾਂ ਅਤੇ ਫੈਂਸਿੰਗ ਨਾਲ ਜਾ ਟਕਰਾਏ।
ਟੱਕਰ ਇੰਨੀ ਖ਼ਤਰਨਾਕ ਸੀ ਕਿ ਮਾਜ਼ ਸਦਾਕਤ ਤੁਰੰਤ ਮੈਦਾਨ 'ਤੇ ਡਿੱਗ ਪਏ ਅਤੇ ਕਾਫੀ ਦੇਰ ਤੱਕ ਉੱਠ ਨਹੀਂ ਸਕੇ। ਸਾਥੀ ਖਿਡਾਰੀ ਸ਼ਮੀਲ ਹੁਸੈਨ ਨੇ ਤੁਰੰਤ ਮੈਡੀਕਲ ਟੀਮ ਨੂੰ ਬੁਲਾਇਆ। ਫਿਜ਼ੀਓ ਅਤੇ ਡਾਕਟਰਾਂ ਨੇ ਮੈਦਾਨ 'ਤੇ ਹੀ ਉਨ੍ਹਾਂ ਦਾ ਮੁੱਢਲਾ ਨਿਰੀਖਣ ਕੀਤਾ ਅਤੇ ਕੁਝ ਮਿੰਟਾਂ ਬਾਅਦ ਉਨ੍ਹਾਂ ਨੂੰ ਸਹਾਰਾ ਦੇ ਕੇ ਮੈਦਾਨ ਤੋਂ ਬਾਹਰ ਲਿਜਾਇਆ ਗਿਆ। ਇਸ ਘਟਨਾ ਨੂੰ ਦੇਖ ਕੇ ਸਟੇਡੀਅਮ ਵਿੱਚ ਮੌਜੂਦ ਦਰਸ਼ਕ ਅਤੇ ਦੋਵਾਂ ਟੀਮਾਂ ਦੇ ਖਿਡਾਰੀ ਚਿੰਤਾ ਵਿੱਚ ਨਜ਼ਰ ਆਏ।
🚨 Maaz Sadaqat hit his head and face on the ground while stopping a boundary🤯
— Mian Ahmad (@aHmADmIaN150) June 4, 2026
-Hopefully, he is okay. pic.twitter.com/UbIlMeWGaC
21 ਸਾਲਾ ਮਾਜ਼ ਸਦਾਕਤ, ਜਿਨ੍ਹਾਂ ਨੇ ਪਾਕਿਸਤਾਨ ਲਈ ਹੁਣ ਤੱਕ 6 ਵਨਡੇ ਮੈਚ ਖੇਡੇ ਹਨ, ਇਸ ਸੀਰੀਜ਼ ਵਿੱਚ ਪਹਿਲਾਂ ਹੀ ਖ਼ਰਾਬ ਫਾਰਮ ਨਾਲ ਜੂਝ ਰਹੇ ਸਨ। ਉਹ ਪਹਿਲੇ ਮੈਚ ਵਿੱਚ ਸਿਰਫ਼ 8 ਰਨ ਬਣਾ ਸਕੇ ਸਨ ਅਤੇ ਦੂਜੇ ਮੈਚ ਵਿੱਚ ਜ਼ੀਰੋ 'ਤੇ ਆਊਟ ਹੋ ਗਏ ਸਨ। ਹੁਣ ਇਸ ਸੱਟ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।
ਪਾਕਿਸਤਾਨੀ ਟੀਮ ਮੈਨੇਜਮੈਂਟ ਨੇ ਅਜੇ ਤੱਕ ਸਦਾਕਤ ਦੀ ਸੱਟ ਦੀ ਗੰਭੀਰਤਾ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਹਾਲਾਂਕਿ, ਸਿਰ ਦੀ ਸੱਟ ਹੋਣ ਕਾਰਨ ਮੈਡੀਕਲ ਟੀਮ ਉਨ੍ਹਾਂ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਜੇਕਰ ਉਨ੍ਹਾਂ ਨੂੰ ਕਨਕਸ਼ਨ ਜਾਂ ਕੋਈ ਗੰਭੀਰ ਸੱਟ ਪਾਈ ਜਾਂਦੀ ਹੈ, ਤਾਂ ਉਹ ਅਗਲੇ ਮੈਚਾਂ ਤੋਂ ਬਾਹਰ ਹੋ ਸਕਦੇ ਹਨ।
