LPG ਸਿਲੰਡਰ ਤੋਂ ਲੈ ਕੇ ਕਾਰਾਂ ਤੱਕ! ਇਨ੍ਹਾਂ ਨਿਯਮਾਂ 'ਚ ਹੋ ਗਏ ਵੱਡੇ ਬਦਲਾਅ
Wednesday, Jun 03, 2026 - 04:29 PM (IST)
ਵੈੱਬ ਡੈਸਕ - ਅੱਜ 1 ਜੂਨ 2026 ਤੋਂ ਨਵਾਂ ਮਹੀਨਾ ਸ਼ੁਰੂ ਹੋਣ ਦੇ ਨਾਲ ਹੀ ਦੇਸ਼ 'ਚ ਕਈ ਅਹਿਮ ਵਿੱਤੀ ਬਦਲਾਅ ਲਾਗੂ ਹੋ ਗਏ ਹਨ। ਇਨ੍ਹਾਂ ਬਦਲਾਵਾਂ ਦਾ ਸਿੱਧਾ ਅਸਰ ਆਮ ਜਨਤਾ ਦੀ ਜੇਬ 'ਤੇ ਪੈਣ ਵਾਲਾ ਹੈ। ਤੇਲ ਕੰਪਨੀਆਂ ਵੱਲੋਂ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਕਰਨ ਤੋਂ ਲੈ ਕੇ ਮਾਰੂਤੀ ਦੀਆਂ ਕਾਰਾਂ ਮਹਿੰਗੀਆਂ ਹੋਣ ਤੱਕ, ਇੱਥੇ ਜਾਣੋ ਅੱਜ ਤੋਂ ਹੋਏ 5 ਵੱਡੇ ਬਦਲਾਅ :-
ਕਮਰਸ਼ੀਅਲ LPG ਸਿਲੰਡਰ ਹੋਇਆ ਮਹਿੰਗਾ
ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਵਾਲੇ ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ। ਦਿੱਲੀ 'ਚ ਕਮਰਸ਼ੀਅਲ ਸਿਲੰਡਰ 42 ਰੁਪਏ ਮਹਿੰਗਾ ਹੋ ਕੇ 3113.50 ਰੁਪਏ ਦਾ ਹੋ ਗਿਆ ਹੈ, ਜਦਕਿ ਕੋਲਕਾਤਾ 'ਚ ਇਸਦੀ ਕੀਮਤ 'ਚ 52.50 ਰੁਪਏ ਦਾ ਵਾਧਾ ਹੋਇਆ ਹੈ। ਸਾਲ 2026 'ਚ ਇਹ ਕੀਮਤਾਂ 'ਚ ਸੱਤਵੀਂ ਵਾਰ ਵਾਧਾ ਹੈ। ਹਾਲਾਂਕਿ, ਘਰੇਲੂ ਵਰਤੋਂ ਵਾਲੇ 14 ਕਿਲੋ ਦੇ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ਖਰੀਦਣੀਆਂ ਹੋਈਆਂ ਮਹਿੰਗੀਆਂ
ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਇਹ ਨਵੀਆਂ ਦਰਾਂ 1 ਜੂਨ ਤੋਂ ਲਾਗੂ ਹੋ ਗਈਆਂ ਹਨ। ਕੰਪਨੀ ਨੇ ਵੱਖ-ਵੱਖ ਮਾਡਲਾਂ (ਜਿਵੇਂ ਕਿ ਆਲਟੋ, ਬ੍ਰੇਜ਼ਾ ਆਦਿ) ਦੀਆਂ ਕੀਮਤਾਂ 'ਚ 30,000 ਰੁਪਏ ਤੱਕ ਦਾ ਵਾਧਾ ਕੀਤਾ ਹੈ।
HDFC ਬੈਂਕ ਦੇ ਨਕਦ ਜਮ੍ਹਾਂ ਨਿਯਮਾਂ 'ਚ ਬਦਲਾਅ
HDFC ਬੈਂਕ ਨੇ ਆਪਣੇ ਕਰੰਟ ਅਕਾਊਂਟ ਅਤੇ ਹੋਰ ਖਾਤਿਆਂ ਲਈ ਨਕਦ ਜਮ੍ਹਾਂ ਕਰਵਾਉਣ ਦੇ ਨਿਯਮ ਬਦਲ ਦਿੱਤੇ ਹਨ। ਹੁਣ 20 ਰੁਪਏ ਜਾਂ ਇਸ ਤੋਂ ਘੱਟ ਦੇ ਨੋਟਾਂ ਲਈ 10,000 ਰੁਪਏ ਪ੍ਰਤੀ ਮਹੀਨਾ ਅਤੇ ਸਿੱਕਿਆਂ ਲਈ 5,000 ਰੁਪਏ ਪ੍ਰਤੀ ਮਹੀਨਾ ਦੀ ਲਿਮਟ ਤੈਅ ਕੀਤੀ ਗਈ ਹੈ। ਇਸ ਲਿਮਟ ਤੋਂ ਵੱਧ ਨਕਦੀ ਜਮ੍ਹਾਂ ਕਰਵਾਉਣ 'ਤੇ 2 ਫੀਸਦੀ ਵਾਧੂ ਚਾਰਜ ਦੇਣਾ ਪਵੇਗਾ।
UPI ਰਾਹੀਂ ਪੈਸੇ ਟ੍ਰਾਂਸਫਰ ਕਰਨਾ ਹੋਇਆ ਸੁਰੱਖਿਅਤ
NPCI ਨੇ ਡਿਜੀਟਲ ਪੇਮੈਂਟ 'ਚ ਫਰਾਡ ਨੂੰ ਰੋਕਣ ਲਈ ਨਵਾਂ ਸਿਸਟਮ ਲਾਗੂ ਕੀਤਾ ਹੈ। ਹੁਣ UPI ਰਾਹੀਂ ਪੈਸੇ ਭੇਜਣ ਵੇਲੇ ਪਿੰਨ (PIN) ਦਰਜ ਕਰਨ ਤੋਂ ਪਹਿਲਾਂ, ਸਾਹਮਣੇ ਵਾਲੇ ਵਿਅਕਤੀ ਦਾ ਬੈਂਕ ਖਾਤੇ 'ਚ ਦਰਜ ਨਾਮ ਸਕ੍ਰੀਨ 'ਤੇ ਦਿਖਾਈ ਦੇਵੇਗਾ। ਇਸ ਨਾਲ ਗਲਤ ਖਾਤੇ 'ਚ ਪੈਸੇ ਟ੍ਰਾਂਸਫਰ ਹੋਣ ਦੀ ਸੰਭਾਵਨਾ ਖਤਮ ਹੋ ਜਾਵੇਗੀ।
ਸੋਲਰ ਪੈਨਲ ਹੋ ਸਕਦੇ ਹਨ ਮਹਿੰਗੇ
1 ਜੂਨ ਤੋਂ ਸੋਲਰ ਪੈਨਲਾਂ ਲਈ ਨਵੀਂ ਪ੍ਰਵਾਨਿਤ ਸੂਚੀ (ALMM List-II) ਲਾਗੂ ਹੋ ਗਈ ਹੈ। ਹੁਣ ਸਰਕਾਰੀ ਸਕੀਮਾਂ ਅਤੇ ਸਬਸਿਡੀ ਵਾਲੇ ਪ੍ਰੋਜੈਕਟਾਂ 'ਚ ਸਿਰਫ਼ ਇਸ ਸੂਚੀ 'ਚ ਸ਼ਾਮਲ ਮੋਡਿਊਲਾਂ ਦੀ ਹੀ ਵਰਤੋਂ ਕੀਤੀ ਜਾ ਸਕੇਗੀ। ਗੁਣਵੱਤਾ ਸੁਧਾਰਨ ਦੇ ਇਸ ਕਦਮ ਕਾਰਨ ਸੋਲਰ ਪੈਨਲਾਂ ਦੀਆਂ ਕੀਮਤਾਂ 'ਚ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਸ ਤੋਂ ਇਲਾਵਾ, ਪੈਟਰੋਲੀਅਮ ਮੰਤਰਾਲੇ ਨੇ ਨਵਾਂ ਨਿਯਮ ਬਣਾਇਆ ਹੈ ਕਿ ਜਿਨ੍ਹਾਂ ਗਾਹਕਾਂ ਕੋਲ ਪਹਿਲਾਂ ਹੀ PNG ਕਨੈਕਸ਼ਨ ਹੈ, ਉਨ੍ਹਾਂ ਨੂੰ 30 ਦਿਨਾਂ ਦੇ ਅੰਦਰ ਆਪਣਾ LPG ਕਨੈਕਸ਼ਨ ਸਰੈਂਡਰ ਕਰਨਾ ਪਵੇਗਾ।
