ਹਿਮਾਚਲ ਅਤੇ ਕਸ਼ਮੀਰ ਦੇ ਉੱਚੇ ਪਹਾੜਾਂ ’ਤੇ ਤਾਜ਼ਾ ਬਰਫ਼ਬਾਰੀ
Saturday, Dec 10, 2022 - 11:14 AM (IST)
ਸ਼ਿਮਲਾ/ਸ੍ਰੀਨਗਰ, (ਰਾਜੇਸ਼/ਆਰਿਜ਼)– ਹਿਮਾਚਲ ਪ੍ਰਦੇਸ਼ ਅਤੇ ਕਸ਼ਮੀਰ ਘਾਟੀ ਦੇ ਉੱਚੇ ਇਲਾਕਿਆਂ ’ਚ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਹਿਮਾਚਲ ਦੇ ਹੰਸਾ ’ਚ 10 ਸੈਂਟੀਮੀਟਰ, ਗੋਂਦਾਲਾ ਅਤੇ ਕੁਕੁਮਸੇਰੀ ’ਚ 2 ਅਤੇ ਕੇਲਾਂਗ ’ਚ 4 ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ। ਸੂਬੇ ਦੇ ਪਹਾੜੀ ਇਲਾਕਿਆਂ ’ਚ ਬਰਫਬਾਰੀ ਤੋਂ ਬਾਅਦ ਕੇਂਦਰੀ ਪਹਾੜੀ ਇਲਾਕਿਆਂ ਅਤੇ ਮੈਦਾਨੀ ਇਲਾਕਿਆਂ ’ਚ ਠੰਡ ਵਧ ਗਈ ਹੈ। ਸ਼ਾਮ ਢਲਦੇ ਹੀ ਇਲਾਕਿਆਂ ’ਚ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ।
ਸੂਬੇ ’ਚ 10 ਦਸੰਬਰ ਯਾਨੀ ਸ਼ਨੀਵਾਰ ਨੂੰ ਵੀ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਲਾਹੌਲ-ਸਪੀਤੀ, ਕੁੱਲੂ, ਕਿਨੌਰ ’ਚ ਬਰਫਬਾਰੀ, ਜਦਕਿ ਕਾਂਗੜਾ, ਚੰਬਾ ਨਾਲ ਲੱਗਦੇ ਕਈ ਖੇਤਰਾਂ ’ਚ ਬਾਰਿਸ਼ ਦੇ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਗੁਲਮਰਗ ਸਮੇਤ ਕਸ਼ਮੀਰ ਘਾਟੀ ਦੇ ਉੱਚੇ ਇਲਾਕਿਆਂ ’ਚ ਹਲਕੀ ਬਰਫਬਾਰੀ ਹੋਈ। ਗੁਲਮਰਗ ’ਚ 0.6 ਸੈਂਟੀਮੀਟਰ ਅਤੇ ਲੇਹ ’ਚ 0.5 ਸੈਂਟੀਮੀਟਰ ਬਰਫ਼ਬਾਰੀ ਹੋਈ ਹੈ। ਸੋਨਮਰਗ ਅਤੇ ਘਾਟੀ ਦੇ ਕੁਝ ਉੱਚੇ ਇਲਾਕਿਆਂ ਤੋਂ ਵੀ ਬਰਫਬਾਰੀ ਹੋਈ। ਮੌਸਮ ਵਿਭਾਗ ਨੇ ਘਾਟੀ ਦੇ ਮੈਦਾਨੀ ਇਲਾਕਿਆਂ ’ਚ 9 ਦਸੰਬਰ ਦੀ ਸ਼ਾਮ ਤੋਂ 10 ਦਸੰਬਰ ਤੱਕ 1.2 ਇੰਚ ਦੀ ਬਰਫਬਾਰੀ ਅਤੇ ਉੱਚੇ ਇਲਾਕਿਆਂ ’ਚ ਲਗਭਗ 10 ਇੰਚ ਦੀ ਬਰਫਬਾਰੀ ਹੋਣ ਦੀ ਭਵਿੱਖਬਾਣੀ ਕੀਤੀ ਹੈ।