96 ਲੱਖ ਤਨਖ਼ਾਹ, 48 ਲੱਖ ਬੋਨਸ ! ਜੰਗ ਨੇ ਵਧਾ''ਤੀ ਸਮੁੰਦਰੀ ਕ੍ਰੂ ਮੈਂਬਰਾਂ ਦੀ ਤਨਖ਼ਾਹ
Thursday, Oct 08, 2026 - 03:43 PM (IST)
ਇੰਟਰਨੈਸ਼ਨਲ ਡੈਸਕ- ਮਿਡਲ-ਈਸਟ 'ਚ ਵਧਦੇ ਜਾ ਰਹੇ ਤਣਾਅ ਅਤੇ ਹੋਰਮੁਜ਼ 'ਚੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ 'ਤੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਕਾਰਨ ਤੇਲ ਟੈਂਕਰ ਮਾਲਕਾਂ ਵੱਲੋਂ ਜਹਾਜ਼ਾਂ ਦੇ ਕਪਤਾਨਾਂ ਅਤੇ ਕ੍ਰੂ ਮੈਂਬਰਾਂ ਨੂੰ ਜਾਨ ਜੋਖਮ ਵਿੱਚ ਪਾਉਣ ਲਈ ਵੱਡੇ ਪੱਧਰ 'ਤੇ ਪੈਸਾ ਦਿੱਤਾ ਜਾ ਰਿਹਾ ਹੈ। ਅੰਤਰਰਾਸ਼ਟਰੀ ਰਿਪੋਰਟਾਂ ਅਨੁਸਾਰ, ਤੇਲ ਟੈਂਕਰਾਂ ਦੇ ਕਪਤਾਨਾਂ ਨੂੰ ਹਰ ਮਹੀਨੇ 100,000 ਡਾਲਰ (ਲਗਭਗ 96 ਲੱਖ ਰੁਪਏ) ਦੀ ਤਨਖਾਹ ਅਤੇ ਹਰੇਕ ਟ੍ਰਾਂਜ਼ਿਟ 'ਤੇ 50,000 ਡਾਲਰ (ਕਰੀਬ 48 ਲੱਖ ਰੁਪਏ) ਦਾ ਸਪੈਸ਼ਲ ਬੋਨਸ ਦਿੱਤਾ ਜਾ ਰਿਹਾ ਹੈ।
ਆਮ ਸਮੁੰਦਰੀ ਕ੍ਰੂ ਮੈਂਬਰਾਂ ਦੀ ਤਨਖਾਹ ਵਿੱਚ ਵੀ 4 ਤੋਂ 6 ਗੁਣਾ ਵਾਧਾ ਕੀਤਾ ਗਿਆ ਹੈ ਤਾਂ ਜੋ ਉਹ ਇਸ ਜੰਗ ਪ੍ਰਭਾਵਿਤ ਖੇਤਰ 'ਚੋਂ ਲੰਘਣ ਲਈ ਤਿਆਰ ਹੋ ਸਕਣ। ਹਾਲਾਂਕਿ, ਕਈ ਸੀਮੈਨ ਯੂਨੀਅਨਾਂ ਦਾ ਕਹਿਣਾ ਹੈ ਕਿ ਜਾਨ ਦੇ ਖਤਰੇ ਕਾਰਨ ਕਈ ਕ੍ਰੂ ਮੈਂਬਰ ਇੰਨੇ ਪੈਸੇ ਮਿਲਣ ਦੇ ਬਾਵਜੂਦ ਵੀ ਜਾਣਾ ਨਹੀਂ ਚਾਹੁੰਦੇ, ਪਰ ਸ਼ਿਪਿੰਗ ਕੰਪਨੀਆਂ ਵੱਲੋਂ ਉਨ੍ਹਾਂ 'ਤੇ ਦਬਾਅ ਪਾਇਆ ਜਾ ਰਿਹਾ ਹੈ। ਉੱਥੇ ਹੀ ਹੋਰਮੁਜ਼ ਰਾਹੀਂ ਤੇਲ ਲੈ ਜਾਣ ਵਾਲੇ ਜਹਾਜ਼ਾਂ ਦਾ ਰੋਜ਼ਾਨਾ ਕਿਰਾਇਆ ਰਿਕਾਰਡ 1.3 ਮਿਲੀਅਨ ਡਾਲਰ ਪ੍ਰਤੀ ਦਿਨ ਤੱਕ ਪਹੁੰਚ ਗਿਆ ਹੈ, ਜੋ ਆਮ ਦਿਨਾਂ ਨਾਲੋਂ 26 ਗੁਣਾ ਵੱਧ ਹੈ।
ਇਹ ਵੀ ਪੜ੍ਹੋ- ਮੱਛੀਆਂ ਫੜਨ ਵਾਲੇ 'ਜਾਲ' ਨਾਲ ਡਰੋਨ ਫੜੇਗਾ ਪਾਕਿਸਤਾਨ ! ਕਈ ਮੀਟਰ ਦੀ ਉਚਾਈ 'ਤੇ ਕੀਤੇ ਫਿੱਟ
ਅੰਤਰਰਾਸ਼ਟਰੀ ਸਮੁੰਦਰੀ ਸੰਗਠਨ (IMO) ਅਤੇ ਸੁਰੱਖਿਆ ਏਜੰਸੀਆਂ ਅਨੁਸਾਰ, ਬੀਤੇ ਹਫ਼ਤੇ ਦੌਰਾਨ ਹੋਰਮੁਜ਼ 'ਚ ਤੇਲ ਅਤੇ ਗੈਸ ਟੈਂਕਰਾਂ 'ਤੇ ਘੱਟੋ-ਘੱਟ 12 ਹਮਲੇ ਦਰਜ ਕੀਤੇ ਗਏ ਹਨ, ਜੋ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ ਇੱਕ ਹਫ਼ਤੇ ਵਿੱਚ ਸਭ ਤੋਂ ਵੱਧ ਹਨ। ਉੱਥੇ ਹੀ ਮਾਰਚ ਤੋਂ ਲੈ ਕੇ ਹੁਣ ਤੱਕ 93 ਤੋਂ ਵੱਧ ਜਹਾਜ਼ਾਂ 'ਤੇ ਹਮਲੇ ਹੋ ਚੁੱਕੇ ਹਨ ਅਤੇ 24 ਸਮੁੰਦਰੀ ਕ੍ਰੂ ਮੈਂਬਰ ਆਪਣੀ ਜਾਨ ਗੁਆ ਚੁੱਕੇ ਹਨ। ਖੇਤਰ 'ਚ ਜੰਗ ਦੇ ਖ਼ਤਰੇ ਕਾਰਨ ਵੱਡੇ ਟੈਂਕਰ ਲਈ War-risk Insurance ਪ੍ਰੀਮੀਅਮ 20 ਮਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ।
ਜ਼ਿਕਰਯੋਗ ਹੈ ਕਿ ਜੰਗ ਕਾਰਨ ਹੋਰਮੁਜ਼ ਦੇ ਲਾਂਘੇ ਰਾਹੀਂ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਘਟਣ ਅਤੇ ਢੋਆ-ਢੁਆਈ ਦੇ ਖਰਚੇ ਵਧਣ ਕਾਰਨ ਗਲੋਬਲ ਮਾਰਕੀਟ 'ਚ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਚਲੀ ਗਈ ਹੈ, ਜਿਸ ਨਾਲ ਆਉਣ ਵਾਲੀਆਂ ਸਰਦੀਆਂ ਦੌਰਾਨ ਦੁਨੀਆ ਭਰ 'ਚ ਵੱਡੇ ਪੱਧਰ 'ਤੇ ਮਹਿੰਗਾਈ ਵਧਣ ਦਾ ਖਦਸ਼ਾ ਪੈਦਾ ਹੋ ਗਿਆ ਹੈ।
ਇਹ ਵੀ ਪੜ੍ਹੋ- ਪਾਕਿਸਤਾਨ ਨੇ ਸਾਊਦੀ 'ਚ ਭੇਜ'ਤੀਆਂ ਫ਼ੌਜਾਂ ! ਲਾਗੂ ਕੀਤਾ ਮੱਕਾ ਪੈਕਟ, DG ਨੇ ਕੀਤਾ ਖ਼ੁਲਾਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
