ਮੁਫ਼ਤ ਮਿਲੇਗਾ LPG ਸਿਲੰਡਰ! ਦਿਵਾਲੀ ''ਤੇ ਗਰੀਬ ਪਰਿਵਾਰਾਂ ਨੂੰ UP ਸਰਕਾਰ ਦਾ ਵੱਡਾ ਤੋਹਫ਼ਾ

Tuesday, Nov 03, 2026 - 09:30 PM (IST)

ਮੁਫ਼ਤ ਮਿਲੇਗਾ LPG ਸਿਲੰਡਰ! ਦਿਵਾਲੀ ''ਤੇ ਗਰੀਬ ਪਰਿਵਾਰਾਂ ਨੂੰ UP ਸਰਕਾਰ ਦਾ ਵੱਡਾ ਤੋਹਫ਼ਾ

ਲਖਨਊ : ਦਿਵਾਲੀ ਦੇ ਸ਼ੁੱਭ ਮੌਕੇ ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ ਨੇ ਸੂਬੇ ਦੇ 1.89 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਮੁਫ਼ਤ ਰਸੋਈ ਗੈਸ ਸਿਲੰਡਰ ਦਾ ਵੱਡਾ ਤੋਹਫਾ ਦਿੱਤਾ ਹੈ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਮੁੱਖ ਮੰਤਰੀ ਨੇ ਲਖਨਊ ਦੇ ਲੋਕ ਭਵਨ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਬਟਨ ਦਬਾ ਕੇ 1,500 ਕਰੋੜ ਰੁਪਏ ਦੀ ਸਬਸਿਡੀ ਰਾਸ਼ੀ ਸਿੱਧੀ ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਅਤੇ ਗੈਸ ਕੰਪਨੀਆਂ ਨੂੰ ਟਰਾਂਸਫ਼ਰ ਕੀਤੀ।

ਇਸ ਤਰ੍ਹਾਂ ਮਿਲੇਗਾ ਮੁਫ਼ਤ ਸਿਲੰਡਰ ਦਾ ਲਾਭ  
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਦੱਸਿਆ ਕਿ ਇੱਕ ਭਰੇ ਹੋਏ ਐੱਲ.ਪੀ.ਜੀ. ਸਿਲੰਡਰ ਦੀ ਕੁੱਲ ਕੀਮਤ 983.45 ਰੁਪਏ ਹੈ, ਜਿਸ ਵਿੱਚੋਂ ਕੇਂਦਰ ਸਰਕਾਰ ਵੱਲੋਂ 335.40 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਲਾਭਪਾਤਰੀਆਂ ਨੂੰ ਆਪਣੇ ਕੋਲੋਂ 648.55 ਰੁਪਏ ਖ਼ਰਚ ਕਰਨੇ ਪੈਂਦੇ ਸਨ। ਹੁਣ ਦਿਵਾਲੀ ਦੇ ਤੋਹਫ਼ੇ ਵਜੋਂ ਇਹ 648.55 ਰੁਪਏ (ਲਗਭਗ 650 ਰੁਪਏ) ਦੀ ਰਾਸ਼ੀ ਸੂਬਾ ਸਰਕਾਰ ਵੱਲੋਂ ਸਿੱਧੀ ਭੇਜੀ ਗਈ ਹੈ, ਜਿਸ ਨਾਲ ਲਾਭਪਾਤਰੀਆਂ ਨੂੰ ਸਿਲੰਡਰ ਪੂਰੀ ਤਰ੍ਹਾਂ ਮੁਫ਼ਤ ਮਿਲੇਗਾ ਅਤੇ ਉਹ ਇਸ ਬਚਤ ਨਾਲ ਦਿਵਾਲੀ ਦੀਆਂ ਮਿਠਾਈਆਂ ਤੇ ਦੀਵੇ ਖ਼ਰੀਦ ਸਕਣਗੇ।

ਕਿਸਾਨਾਂ ਅਤੇ ਮਹਿਲਾਵਾਂ ਲਈ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ  
ਸਮਾਗਮ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਖ਼ਰਾਬ ਮੌਸਮ, ਗੜੇਮਾਰੀ ਅਤੇ ਬੇਮੌਸਮੀ ਬਾਰਿਸ਼ ਕਾਰਨ ਨੁਕਸਾਨੀਆਂ ਫ਼ਸਲਾਂ ਦੀ ਭਰਪਾਈ ਲਈ ਸੂਬੇ ਦੇ 3 ਕਰੋੜ ਕਿਸਾਨ ਪਰਿਵਾਰਾਂ ਲਈ ਜਲਦ ਹੀ ਇੱਕ ਵਿਸ਼ੇਸ਼ ਆਰਥਿਕ ਪੈਕੇਜ ਲਿਆਂਦਾ ਜਾਵੇਗਾ। ਇਸ ਦੇ ਨਾਲ ਹੀ ਮਹਿਲਾਵਾਂ ਨੂੰ ਆਰਥਿਕ ਤੌਰ 'ਤੇ ਆਤਮਨਿਰਭਰ ਬਣਾਉਣ ਲਈ ਵੀ ਇੱਕ ਵੱਡਾ ਪੈਕੇਜ ਜਾਰੀ ਕੀਤਾ ਜਾਵੇਗਾ ਤਾਂ ਜੋ ਉਹ ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਸਕਣ।

ਮੰਡੀਆਂ 'ਚ ਖੁੱਲ੍ਹਣਗੇ 'ਅੰਨਪੂਰਨਾ ਭੋਜਨਾਲਿਆ'  
ਗਰੀਬਾਂ ਅਤੇ ਮਜ਼ਦੂਰਾਂ ਦੀ ਸੁਵਿਧਾ ਲਈ ਸੂਬੇ ਦੀਆਂ ਮੰਡੀ ਸਮਿਤੀਆਂ ਅਤੇ ਮਜ਼ਦੂਰ ਅੱਡਿਆਂ 'ਚ 'ਅੰਨਪੂਰਨਾ ਭੋਜਨਾਲਿਆ' ਸ਼ੁਰੂ ਕੀਤੇ ਜਾਣਗੇ, ਜਿੱਥੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਬਹੁਤ ਘੱਟ ਕੀਮਤ (ਟੋਕਨ ਮਨੀ) 'ਤੇ ਭਰਪੇਟ ਭੋਜਨ ਮਿਲੇਗਾ। ਇਸ ਤੋਂ ਇਲਾਵਾ ਆਂਗਣਵਾੜੀ ਵਰਕਰਾਂ, ਰਸੋਈਆਂ, ਪਿੰਡ ਦੇ ਚੌਕੀਦਾਰਾਂ ਅਤੇ ਪੀ.ਆਰ.ਡੀ. ਜਵਾਨਾਂ ਦੇ ਮਾਣ-ਭੱਤੇ (ਮਾਨਦੇਅ) ਵਿੱਚ ਵੀ ਵਾਧਾ ਕੀਤਾ ਗਿਆ ਹੈ। ਸਮਾਗਮ ਦੌਰਾਨ ਮੁੱਖ ਮੰਤਰੀ ਨੇ ਕਈ ਲਾਭਪਾਤਰੀਆਂ ਨੂੰ ਡੈਮੋ ਚੈੱਕ ਵੀ ਤਕਸੀਮ ਕੀਤੇ।
 


author

Inder Prajapati

Content Editor

Related News