ਫਰਾਂਸ ਦੇ ਰਾਜਦੂਤ ਨੇ ਗੁਰੂਗ੍ਰਾਮ ’ਚ ਭਾਰਤ ਦੇ ਪਹਿਲੇ ਇੰਡੋ-ਫ੍ਰੈਂਚ ਸਕੂਲ ਦਾ ਕੀਤਾ ਉਦਘਾਟਨ
Tuesday, Dec 20, 2022 - 01:20 AM (IST)

ਗੁਰੂਗ੍ਰਾਮ (ਵਿਸ਼ੇਸ਼) : ਫਰਾਂਸ ਦੇ ਰਾਜਦੂਤ ਇਮੈਨੁਅਲ ਲੇਨੈਨ ਨੇ ਗੁਰੂਗ੍ਰਾਮ ’ਚ ਭਾਰਤ ਦੇ ਪਹਿਲੇ ਇੰਡੋ-ਫ੍ਰੈਂਚ ਸਕੂਲ ਦਾ ਉਦਘਾਟਨ ਕੀਤਾ। ਅੰਤਰਰਾਸ਼ਟਰੀ ਮਾਪਦੰਡਾਂ ਦੇ ਬੁਨਿਆਦੀ ਢਾਂਚੇ ਦੇ ਮੁਤਾਬਿਕ ਬਣਾਈ ਗਈ ਸਕੂਲ ਦੀ ਸ਼ਾਨਦਾਰ ਇਮਾਰਤ ਦਾ ਉਦਘਾਟਨ 14 ਦਸੰਬਰ ਨੂੰ ਮਹਾਮਹਿਮ ਇਮੈਨੁਅਲ ਲੇਨੈਨ ਵੱਲੋਂ ਕੀਤਾ ਗਿਆ ਸੀ। ਇਸ ਸਕੂਲ ਦਾ ਉਦੇਸ਼ ਬੱਚਿਆਂ ਨੂੰ ਉਨ੍ਹਾਂ ਦੇ ਸ਼ੁਰੂਆਤੀ ਸਾਲਾਂ ਦੀ ਸ਼ੁਰੂਆਤ ਤੋਂ ਹੀ ਦੋ-ਭਾਸ਼ਾਈ ਸਿੱਖਿਆ ਪ੍ਰਦਾਨ ਕਰਨਾ ਹੈ। ਕੁਦਰਤੀ ਰੌਸ਼ਨੀ ਦੇ ਨਾਲ ਗੋਲ ਆਕਾਰ ਦੀਆਂ ਕਲਾਸਾਂ ਬੱਚਿਆਂ ਨੂੰ ਇਕ ਅਜਿਹਾ ਵਾਤਾਵਰਣ ਪ੍ਰਦਾਨ ਕਰਦੀਆਂ ਹਨ, ਜੋ ਸੁਰੱਖਿਅਤ, ਨਿੱਘਾ ਅਤੇ ਆਕਰਸ਼ਕ ਹਨ।
ਇੱਥੇ ਖਿਡੌਣਿਆਂ ਅਤੇ ਕਿਤਾਬਾਂ ਨੂੰ ਇਸ ਤਰੀਕੇ ਨਾਲ ਰੱਖਿਆ ਗਿਆ ਹੈ ਕਿ ਉਹ ਉਤਸੁਕਤਾ ਪੈਦਾ ਕਰਦੀਆਂ ਹਨ ਅਤੇ ਸਿੱਖਣ ਨੂੰ ਉਤਸ਼ਾਹਿਤ ਕਰਦੀਆਂ ਹਨ। ਬਾਹਰ ਖੇਡਣਾ ਬੱਚਿਆਂ ਲਈ ਆਨੰਦਦਾਇਕ ਹੁੰਦਾ ਹੈ ਅਤੇ ਏ. ਯੂ. ਗ੍ਰੇਂਡ ਏਅਰ ਦੇ ਖੇਡ ਖੇਤਰ ਸਲਾਈਡ, ਵੱਖ-ਵੱਖ ਪੰਘੂੜਿਆਂ, ਰਾਕ ਕਲਾਈਬਿੰਗ ਕੰਧਾਂ ਆਦਿ ਨਾਲ ਲੈਸ ਹੈ।ਭਾਰਤ ’ਚ ਫਰਾਂਸ ਦੇ ਰਾਜਦੂਤ ਦਾ ਕਥਕ ਪੇਸ਼ਕਾਰੀ ਨਾਲ ਸਵਾਗਤ ਕੀਤਾ ਗਿਆ, ਫਿਰ ਉਨ੍ਹਾਂ ਨੇ ਰਿਬਨ ਕੱਟਿਆ ਅਤੇ ਸੁਰਪਾਲ ਅਤੇ ਉਨ੍ਹਾਂ ਦੀ ਟੀਮ ਨਾਲ ਸਕੂਲ ਦੇ ਦੌਰੇ ਲਈ ਅੱਗੇ ਵਧੇ। ਇਸ ਮੌਕੇ ਉੱਘੀਆਂ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਦਘਾਟਨੀ ਸਮਾਰੋਹ ਦੀ ਸ਼ੋਭਾ ਵਧਾਈ। ਇਨ੍ਹਾਂ ’ਚ ਪੰਜਾਬ ਕੇਸਰੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਵਿਜੇ ਚੋਪੜਾ, ਏ. ਈ. ਐੱਫ. ਈ. (ਫ੍ਰੈਂਚ ਐਜੂਕੇਸ਼ਨ ਲਈ ਏਜੰਸੀ) ਏਸ਼ੀਆ ਪੈਸੀਫਿਕ ਦੇ ਡਾਇਰੈਕਟਰ ਕਾਹਿਰਾ, ਫਰਾਂਸ ਦੇ ਇਕ ਉੱਘੇ ਵਾਸਤੂਕਾਰ ਪਾਲ ਲੇ ਕੁਏਰਨੇਕ ਨੇ ਸ਼ਿਰਕਤ ਕੀਤੀ।
ਕੁਏਰਨੇਕ ਪਲੇਅ ਸਕੂਲਾਂ ਨੂੰ ਡਿਜ਼ਾਈਨ ਕਰਨ ’ਚ ਮੁਹਾਰਤ ਰੱਖਦੇ ਹਨ ਅਤੇ ਉਨ੍ਹਾਂ ਨੇ ਭਾਰਤ ’ਚ ਆਪਣੇ ਪਹਿਲੇ ਪ੍ਰਾਜੈਕਟ, ਏ. ਯੂ. ਗ੍ਰੈਂਡ ਏਅਰ ਨੂੰ ਡਿਜ਼ਾਈਨ ਕੀਤਾ ਹੈ। ਉਦਘਾਟਨ ’ਚ ਸ਼੍ਰੀਮਤੀ ਨਮਰਤਾ, ਕਾਲੀਆ ਅਤੇ ਸ਼੍ਰੀਮਤੀ ਮੀਰਾ ਗੌੜਾ ਨੇ ਵੀ ਸ਼ਿਰਕਤ ਕੀਤੀ, ਜੋ ਸੋਸ਼ਲ ਮੀਡੀਆ ’ਤੇ ਵੱਡੀ ਗਿਣਤੀ ’ਚ ਫਾਲੋਅਰਜ਼ ਨਾਲ ਮੌਮਸ ਐਂਡ ਮੋਰ ਗਰੁੱਪ ਦਾ ਇਕ ਅਨਿੱਖੜਵਾਂ ਅੰਗ ਹਨ। ਇਸ ਪ੍ਰੋਗਰਾਮ ’ਚ ਦਿੱਲੀ ਦੀ ਮਸ਼ਹੂਰ ਡਾਇਟੀਸ਼ੀਅਨ ਸ਼੍ਰੀਮਤੀ ਤਨਵੀ ਤੁਤਲਾਨੀ ਨੇ ਵੀ ਸ਼ਿਰਕਤ ਕੀਤੀ। ਲੁਧਿਆਣਾ ਤੋਂ ਐੱਫ. ਆਈ. ਸੀ. ਓ. ਦੇ ਚੇਅਰਮੈਨ ਕੁਲਾਰ ਨੇ ਇਸ ਮੌਕੇ ਸ਼ੋਭਾ ਵਧਾਈ। ਆਦਿਤਿਆ ਸੁਰਪਾਲ ਦੇ ਪੁੱਤਰ ਚਾਣਕਿਆ ਸੁਰਪਾਲ ਨੇ ਫ੍ਰੈਂਚ, ਅੰਗਰੇਜ਼ੀ ਅਤੇ ਹਿੰਦੀ ’ਚ ਗੱਲ ਕੀਤੀ, ਜਿਸ ’ਚ ਬਹੁ-ਭਾਸ਼ਾਈ ਸਿੱਖਿਆ ਦਾ ਵੱਡਾ ਸਾਰ ਸ਼ਾਮਲ ਹੈ, ਜਿਸ ਨੂੰ ਕਿ ਇਹ ਸਕੂਲ ਉਤਸ਼ਾਹ ਦੇਣਾ ਚਾਹੁੰਦਾ ਹੈ।