ਸੜਕ ਹਾਦਸੇ ''ਚ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ
Wednesday, Dec 25, 2024 - 08:53 PM (IST)
ਹਾਵੇਰੀ — ਕਰਨਾਟਕ 'ਚ ਬੁੱਧਵਾਰ ਨੂੰ ਹਾਵੇਰੀ-ਧਾਰਵਾੜ ਸਰਹੱਦ ਨੇੜੇ ਹਾਈਵੇਅ 'ਤੇ ਇਕ ਕਾਰ ਅਤੇ ਦੂਜੇ ਵਾਹਨ ਵਿਚਾਲੇ ਹੋਈ ਟੱਕਰ 'ਚ ਇਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਤਾਡਸ ਥਾਣਾ ਖੇਤਰ ਦੇ ਅਧੀਨ ਹਾਵੇਰੀ-ਧਾਰਵਾੜ ਸਰਹੱਦ ਨੇੜੇ ਤਿਮਾਪੁਰ ਦੇ ਬੇਲੀਗੱਟੀ ਪਿੰਡ ਨੇੜੇ ਵਾਪਰਿਆ। ਪੁਲਸ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹੁਬਲੀ ਵੱਲ ਜਾ ਰਹੀ ਇੱਕ ਐਸ.ਯੂ.ਵੀ. ਕਾਰ ਦੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਗੱਡੀ ਸੜਕ ਦੇ 'ਡਿਵਾਈਡਰ' ਨੂੰ ਪਾਰ ਕਰ ਗਈ ਅਤੇ ਹੁਬਲੀ ਤੋਂ ਬੈਂਗਲੁਰੂ ਵੱਲ ਆ ਰਹੀ ਇੱਕ ਕਾਰ ਨਾਲ ਟਕਰਾ ਗਈ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਕਾਰ 'ਚ 10 ਤੋਂ 12 ਸਾਲ ਦੀ ਉਮਰ ਦੇ ਇਕ ਬੱਚੇ ਸਮੇਤ ਚਾਰ ਲੋਕ ਸਵਾਰ ਸਨ। ਹਾਦਸੇ ਵਿੱਚ ਸਾਰਿਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਬਾਕੀ ਦੋ ਨੂੰ ਹੁਬਲੀ ਦੇ ਕਿਮਜ਼ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਚੰਦਰਮਾ (59) ਵਾਸੀ ਚਾਮਰਾਜਪੇਟ, ਬੈਂਗਲੁਰੂ, ਉਸ ਦੀ ਬੇਟੀ ਮੀਨਾ (38), ਜਵਾਈ ਮਹੇਸ਼ ਕੁਮਾਰ ਸੀ (41) ਅਤੇ ਪੋਤੇ ਧਨਵੀਰ (11) ਵਜੋਂ ਹੋਈ ਹੈ। ਇਹ ਸਾਰੇ ਦਾਵਨਗੇਰੇ ਜ਼ਿਲ੍ਹੇ ਦੇ ਹਰੀਹਰ ਦੇ ਰਹਿਣ ਵਾਲੇ ਸਨ।
ਪੁਲਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਾਦਸੇ ਤੋਂ ਬਾਅਦ ਐੱਸ.ਯੂ.ਵੀ. 'ਚ ਸਵਾਰ ਤਿੰਨ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਰਾਜ ਸਰਕਾਰ ਨੂੰ ਮ੍ਰਿਤਕਾਂ ਦੇ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ, ''ਇਹ ਬਹੁਤ ਦੁਖਦਾਈ ਹੈ ਕਿ ਹਾਵੇਰੀ ਜ਼ਿਲੇ ਦੇ ਸ਼ਿਗਾਵੀ ਨੇੜੇ ਰਾਸ਼ਟਰੀ ਰਾਜਮਾਰਗ 'ਤੇ ਇਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਪ੍ਰਮਾਤਮਾ ਮ੍ਰਿਤਕਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ੇ।