ਜੰਮੂ ਕਸ਼ਮੀਰ ''ਚ 2 ਮੁਕਾਬਲਿਆਂ ''ਚ ਲਸ਼ਕਰ ਦੇ 4 ਅੱਤਵਾਦੀ ਢੇਰ

Friday, May 27, 2022 - 10:02 AM (IST)

ਸ਼੍ਰੀਨਗਰ (ਭਾਸ਼ਾ)- ਜੰਮੂ-ਕਸ਼ਮੀਰ ਦੇ ਪੁਲਵਾਮਾ ਅਤੇ ਸ਼੍ਰੀਨਗਰ ‘ਚ ਹੋਏ 2 ਮੁਕਾਬਲਿਆਂ 'ਚ ਲਸ਼ਕਰ-ਏ-ਤੋਇਬਾ ਦੇ ਚਾਰ ਅੱਤਵਾਦੀ ਮਾਰੇ ਗਏ। ਪੁਲਸ ਦੇ ਇਕ ਬੁਲਾਰੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮਾਰੇ ਗਏ ਚਾਰ ਅੱਤਵਾਦੀਆਂ 'ਚੋਂ ਦੋ ਕਸ਼ਮੀਰੀ ਟੈਲੀਵਿਜ਼ਨ ਕਲਾਕਾਰ ਦੀ ਹਾਲ ਹੀ 'ਚ ਹੋਏ ਕਤਲ 'ਚ ਸ਼ਾਮਲ ਸਨ। ਬੁਲਾਰੇ ਅਨੁਸਾਰ ਇਹ ਮੁਕਾਬਲਾ ਵੀਰਵਾਰ ਦੇਰ ਰਾਤ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਦੇ ਅਗਨਹਾਨਜੀਪੁਰਾ ਇਲਾਕੇ ਵਿਚ ਹੋਇਆ। ਉਨ੍ਹਾਂ ਨੇ ਕਿਹਾ ਕਿ ਟੈਲੀਵਿਜ਼ਨ ਕਲਾਕਾਰ ਅਮਰੀਨ ਭੱਟ ਦੇ ਕਤਲ ਲਈ ਜ਼ਿੰਮੇਵਾਰ 2 ਅੱਤਵਾਦੀਆਂ ਨੂੰ ਖੇਤਰ ਦੀ ਘੇਰਾਬੰਦੀ ਵਿਚ ਘੇਰ ਲਿਆ ਗਿਆ ਸੀ ਅਤੇ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ ਉਹ ਮਾਰੇ ਗਏ ਸਨ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਸੁਰੱਖਿਆ ਫ਼ੋਰਸਾਂ ਜਨਵਰੀ ਤੋਂ ਹੁਣ ਤੱਕ 26 ਵਿਦੇਸ਼ੀ ਅੱਤਵਾਦੀ ਕੀਤੇ ਢੇਰ

ਕਸ਼ਮੀਰ ਦੇ ਪੁਲਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਟਵੀਟ ਕੀਤਾ,''ਮਾਰੇ ਗਏ ਦੋਵੇਂ ਅੱਤਵਾਦੀਆਂ ਦੀ ਪਛਾਣ ਸ਼ਾਹਿਦ ਮੁਸ਼ਤਾਕ ਭੱਟ ਅਤੇ ਫਰਹਾਨ ਹਬੀਬ ਵਜੋਂ ਹੋਈ ਹੈ। ਸ਼ਾਹਿਦ ਬਡਗਾਮ ਦੇ ਹਰਫੂ ਚੰਦੂਰਾ ਅਤੇ ਫਰਹਾਨ ਪੁਲਵਾਮਾ ਦੇ ਹਕਰੀਪੁਰਾ ਦਾ ਰਹਿਣ ਵਾਲਾ ਸੀ।'' ਕੁਮਾਰ ਨੇ ਦੱਸਿਆ,''ਸ਼ਾਹਿਦ ਅਤੇ ਫਰਹਾਨ ਨੇ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਲਤੀਫ਼ ਦੇ ਕਹਿਣ 'ਤੇ ਟੀ.ਵੀ. ਕਲਾਕਾਰ ਦਾ ਕਤਲ ਕੀਤਾ ਸੀ। ਉਨ੍ਹਾਂ ਕੋਲੋਂ ਇਕ ਏ.ਕੇ.-56 ਰਾਈਫਲ, ਚਾਰ ਮੈਗਜ਼ੀਨ ਅਤੇ ਇਕ ਪਿਸਤੌਲ ਬਰਾਮਦ ਹੋਈ ਹੈ।” ਪੁਲਸ ਨੇ ਦੱਸਿਆ ਕਿ ਦੂਜਾ ਮੁਕਾਬਲਾ ਸ਼੍ਰੀਨਗਰ ਦੇ ਸੌਰਾ ਇਲਾਕੇ ਵਿਚ ਹੋਇਆ, ਜਿਸ ਵਿਚ ਲਸ਼ਕਰ ਦੇ 2 ਅੱਤਵਾਦੀ ਮਾਰੇ ਗਏ। ਕੁਮਾਰ ਨੇ ਇਕ ਹੋਰ ਟਵੀਟ 'ਚ ਕਿਹਾ,''ਕਸ਼ਮੀਰ ਘਾਟੀ 'ਚ ਪਿਛਲੇ ਤਿੰਨ ਦਿਨਾਂ 'ਚ 10 ਅੱਤਵਾਦੀ ਮਾਰੇ ਗਏ ਹਨ, ਜਿਨ੍ਹਾਂ 'ਚੋਂ 3 ਜੈਸ਼-ਏ-ਮੁਹੰਮਦ ਨਾਲ ਸਬੰਧਤ ਸਨ, ਜਦਕਿ 7 ਲਸ਼ਕਰ ਨਾਲ ਸਬੰਧਤ ਸਨ। ਅਮਰੀਨ ਭੱਟ ਦੇ ਕਤਲ ਦਾ ਮਾਮਲਾ 24 ਘੰਟਿਆਂ 'ਚ ਸੁਲਝਾ ਲਿਆ ਗਿਆ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News