ਭਾਰਤ ਦੀ ਹਵਾ ਸਾਫ ਕਰਨ ਲਈ ਵਿਦੇਸ਼ੀ ਏਜੰਸੀਆਂ ਕਰਨਗੀਆਂ ਮਦਦ
Friday, Nov 09, 2018 - 09:00 PM (IST)

ਨਵੀਂ ਦਿੱਲੀ (ਇੰਟ.)— ਦਿੱਲੀ ਦੀ ਜ਼ਹਿਰੀਲੀ ਹਵਾ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਇਹ ਸਮੱਸਿਆ ਹੁਣ ਦੇਸ਼ ਪੱਧਰੀ ਬਣ ਚੁੱਕੀ ਹੈ। ਇਸ ਦਾ ਤੁਰੰਤ ਹੱਲ ਲੱਭਣ ਲਈ ਭਾਰਤ ਨੇ 4 ਕੌਮਾਂਤਰੀ ਏਜੰਸੀਆਂ ਦੀ ਮਦਦ ਲੈਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਵਿਚ ਵਿਸ਼ਵ ਬੈਂਕ ਅਤੇ ਜਰਮਨ ਡਿਵੈੱਲਪਮੈਂਟ ਏਜੰਸੀ ਸ਼ਾਮਲ ਹਨ। ਇਨ੍ਹਾਂ ਵਲੋਂ ਭਾਰਤ ਦੇ 102 ਸ਼ਹਿਰਾਂ ਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਮਦਦ ਕੀਤੀ ਜਾਵੇਗੀ। 2 ਹੋਰ ਏਜੰਸੀਆਂ ਵੀ ਇਸ ਕੰਮ ਲਈ ਆਪਣੀਆਂ ਸੇਵਾਵਾਂ ਦੇਣਗੀਆਂ। ਇਨ੍ਹਾਂ ਵਿਚੋਂ ਇਕ ਏਸ਼ੀਅਨ ਡਿਵੈੱਲਪਮੈਂਟ ਬੈਂਕ ਅਤੇ ਦੂਜੀ ਬਲੂਮਬਰਗ ਫਿਲੇਨਥ੍ਰਾਪੀਜ਼ ਹੈ।
ਕੇਂਦਰੀ ਚੌਗਿਰਦਾ ਸਕੱਤਰ ਸੀ. ਕੇ. ਮਿਸ਼ਰਾ ਨੇ ਦੱਸਿਆ ਕਿ ਉਕਤ ਚਾਰਾਂ ਏਜੰਸੀਆਂ ਨਾਲ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਇਹ ਏਜੰਸੀਆਂ ਤਕਨੀਕੀ ਸਹਿਯੋਗ ਦੇਣਗੀਆਂ ਅਤੇ ਸੂਬਿਆਂ ਨੂੰ ਉਨ੍ਹਾਂ ਦੇ ਸ਼ਹਿਰਾਂ ਵਿਚ ਸਮਰੱਥਾ ਵਿਕਸਿਤ ਕਰਨ ਵਿਚ ਮਦਦ ਪ੍ਰਦਾਨ ਕਰਨਗੀਆਂ।