ਆਕਸੀਜਨ ਦੀ ਘਾਟ ਕਾਰਨ ਫੋਰਟਿਸ ਹਸਪਤਾਲ ਦਾ ਫੈਸਲਾ, ਨਵੇਂ ਮਰੀਜ਼ਾਂ ਨੂੰ ਨਹੀਂ ਕਰੇਗਾ ਦਾਖਲ
Saturday, Apr 24, 2021 - 01:24 PM (IST)
ਨਵੀਂ ਦਿੱਲੀ– ਰਾਜਧਾਨੀ ਦਿੱਲੀ ’ਚ ਕੋਰੋਨਾ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ ਜਿਸ ਕਾਰਨ ਦਿੱਲੀ ਦੇ ਹਸਪਤਾਲਾਂ ’ਚ ਆਕਸੀਜਨ ਦੀ ਘਾਟ ਹੋ ਗਈ ਹੈ। ਇਸ ਦੇ ਚਲਦੇ ਹੀ ਹੁਣ ਦਿੱਲੀ ਦੇ ਸ਼ਾਲੀਮਾਰ ਸਥਿਤ ਫੋਰਟਿਸ ਹਸਪਤਾਲ ਨੇ ਨਵੇਂ ਮਰੀਜ਼ਾਂ ਨੂੰ ਹਸਪਤਾਲ ’ਚ ਦਾਖਲ ਕਰਨਾ ਬੰਦ ਕਰ ਦਿੱਤਾ ਹੈ।
ਫੋਰਟਿਸ ਹਸਪਤਾਲ ਨੇ ਟਵਿਟਰ ਰਾਹੀਂ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ਕਿ ਸਾਡੇ ਹਸਪਤਾਲ ’ਚ ਆਕਸੀਜਨ ਦੀ ਘਾਟ ਹੋ ਗਈ ਹੈ ਜਿਸ ਕਾਰਨ ਅਸੀਂ ਨਵੇਂ ਮਰੀਜ਼ਾਂ ਨੂੰ ਦਾਖਲ ਨਹੀਂ ਕਰ ਸਕਦੇ। ਜਦ ਤਕ ਸਾਡੇ ਕੋਲ ਆਕਸੀਜਨ ਦੀ ਸਪਲਾਈ ਨਹੀਂ ਪੁੱਜਦੀ ਅਸੀਂ ਮਰੀਜ਼ਾਂ ਲਈ ਆਕਸੀਜਨ ਬਚਾਅ ਕੇ ਰੱਖਣਾ ਚਾਹੁੰਦੇ ਹਾਂ ਤਾਂ ਜੋ ਉਨ੍ਹਾਂ ਦੀ ਜਾਨ ਨੂੰ ਕੋਈ ਖਤਰਾ ਨਾ ਹੋਵੇ।
ਜ਼ਿਕਰਯੋਗ ਹੈ ਕਿ ਆਕਸੀਜਨ ਦੀ ਘਾਟ ਕਾਰਨ ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ’ਚ 20 ਮਰੀਜ਼ਾਂ ਦੀ ਮੌਤ ਹੋ ਗਈ ਹੈ। ਹਸਪਤਾਲ ਦੇ ਐੱਮ.ਡੀ. ਡੀ.ਕੇ. ਬਲੂਜਾ ਨੇ ਜਾਣਕਾਰੀ ਦਿੱਤੀ ਕਿ ਆਕਸੀਜਨ ਦੀ ਕਮੀ ਨਾਲ ਗੋਲਡਨ ਹਸਪਤਾਲ ’ਚ 20 ਗੰਭੀਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਸ਼ੁੱਕਰਵਾਰ ਸ਼ਾਮ ਨੂੰ ਇਨ੍ਹਾਂ ਮਰੀਜ਼ਾਂ ਨੇ ਆਕਸੀਜਨ ਦੀ ਕਮੀ ਕਾਰਨ ਦਮ ਤੌੜ ਦਿੱਤਾ। ਡੀ.ਕੇ. ਬਲੂਜਾ ਨੇ ਜਾਣਕਾਰੀ ਦਿੱਤੀ ਕਿ ਅੱਧੇ ਘੰਟੇ ਤਕ ਹੀ ਆਕਸੀਜਨ ਦੀ ਸਪਲਾਈ ਹੋ ਸਕਦੀ ਹੈ। ਹਸਪਤਾਲ ’ਚ 200 ਮਰੀਜ਼ਾਂ ਦੀ ਜਾਨ ਖ਼ਤਰੇ ’ਚ ਹੈ। ਡਾਕਟਰ ਬਲੂਜਾ ਨੇ ਰਾਜ ਸਰਕਾਰ ਅਤੇ ਹੋਰ ਏਜੰਸੀਆਂ ਤੋਂ ਆਕਸੀਜਨ ਸਪਲਾਈ ਦੀ ਮੰਗ ਕੀਤੀ ਹੈ।