ਸਪਾ ਦੇ ਸਾਬਕਾ ਵਿਧਾਇਕ ਇਰਫਾਨ ਸੋਲੰਕੀ ਮਹਿਰਾਜਗੰਜ ਜੇਲ ਤੋਂ ਰਿਹਾਅ
Tuesday, Sep 30, 2025 - 11:43 PM (IST)

ਮਹਿਰਾਜਗੰਜ–ਸਮਾਜਵਾਦੀ ਪਾਰਟੀ (ਸਪਾ) ਦੇ ਸਾਬਕਾ ਵਿਧਾਇਕ ਇਰਫਾਨ ਸੋਲੰਕੀ ਮੰਗਲਵਾਰ ਸ਼ਾਮ ਮਹਿਰਾਜਗੰਜ ਜੇਲ ਤੋਂ ਰਿਹਾਅ ਹੋ ਗਏ। ਲੱਗਭਗ 34 ਮਹੀਨੇ ਦੀ ਕੈਦ ਤੋਂ ਬਾਅਦ ਬਾਹਰ ਆਉਂਦੇ ਹੀ ਉਹ ਚਿੱਟੇ ਕੁੜਤੇ ’ਚ ਪੁਰਾਣੇ ਜੋਸ਼ ਤੇ ਤੇਵਰ ਨਾਲ ਦਿਖੇ।ਜੇਲ ਪ੍ਰਸ਼ਾਸਨ ਦੇ ਮੁਤਾਬਕ ਇਰਫਾਨ ਸੋਲੰਕੀ 22 ਦਸੰਬਰ 2022 ਨੂੰ ਕਾਨਪੁਰ ਜੇਲ ’ਚੋਂ ਮਹਿਰਾਜਗੰਜ ਜੇਲ ’ਚ ਸ਼ਿਫਟ ਕੀਤੇ ਗਏ ਸੀ। ਉਨ੍ਹਾਂ ’ਤੇ ਜ਼ਮੀਨ ’ਤੇ ਕਬਜ਼ਾ ਕਰਨ, ਔਰਤ ਦਾ ਮਕਾਨ ਸਾੜਣ, ਫਿਰੌਤੀ ਮੰਗਣ ਤੇ ਫਰਜ਼ੀ ਦਸਤਾਵੇਜ਼ਾਂ ਜ਼ਰੀਏ ਬੰਗਲਾਦੇਸ਼ੀ ਨਾਗਰਿਕ ਨੂੰ ਭਾਰਤੀ ਪਛਾਣ ਦਿਵਾਉਣ ਸਮੇਤ ਕਈ ਗੰਭੀਰ ਦੋਸ਼ ਸੀ। ਹਾਲਾਂਕਿ ਮੌਜੂਦਾ ਸਮੇਂ ’ਚ ਉਹ ਸਿਰਫ ਗੈਂਗਸਟਰ ਐਕਟ ਦੇ ਇਕ ਮਾਮਲੇ ’ਚ ਹਿਰਾਸਤ ’ਚ ਸੀ। ਜਾਜਮਾਊ ਥਾਣੇ ’ਚ ਦਰਜ ਇਸ ਮੁਕੱਦਮੇ ’ਚ ਇਲਾਹਾਬਾਦ ਹਾਈ ਕੋਰਟ ਨੇ ਉਨ੍ਹਾਂ ਨੂੰ, ਉਨ੍ਹਾਂ ਦੇ ਭਰਾ ਰਿਜਵਾਨ ਸੋਲੰਕੀ ਤੇ ਇਕ ਹੋਰ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ। ਜੇਲ ਸੁਪਰਡੈਂਟ ਵੀ. ਕੇ ਗੌਤਮ ਨੇ ਦੱਸਿਆ ਕਿ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਹੋਣ ਤੋਂ ਬਾਅਦ ਮੰਗਲਵਾਰ ਨੂੰ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਮਹਿਰਾਜਗੰਜ : ਰਿਹਾਅ ਹੋਣ ਤੋਂ ਬਾਅਦ ਆਪਣੇ ਪਰਿਵਾਰ ਤੇ ਹੋਰ ਲੋਕਾਂ ਨਾਲ ਇਰਫਾਨ ਸੋਲੰਕੀ।