ਦਿੱਲੀ ’ਚ ਮ੍ਰਿਤਕ ਹਾਲਤ ’ਚ ਮਿਲੇ ਜੰਮੂ-ਕਸ਼ਮੀਰ ਦੇ ਸਾਬਕਾ ਵਿਧਾਇਕ ਤ੍ਰਿਲੋਚਨ ਸਿੰਘ ਵਜ਼ੀਰ
Friday, Sep 10, 2021 - 11:09 AM (IST)
ਨਵੀਂ ਦਿੱਲੀ (ਭਾਸ਼ਾ)- ਜੰਮੂ-ਕਸ਼ਮੀਰ ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਤ੍ਰਿਲੋਚਨ ਸਿੰਘ ਵਜ਼ੀਰ ਦੀ ਲਾਸ਼ ਵੀਰਵਾਰ ਨੂੰ ਪੱਛਮੀ ਦਿੱਲੀ ਦੇ ਮੋਤੀਨਗਰ ਸਥਿਤ ਇਕ ਫਲੈਟ ’ਚੋਂ ਮਿਲੀ ਹੈ। ਇਸ ਸੰਬੰਧ ’ਚ ਪੁਲਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ 67 ਸਾਲਾ ਵਜ਼ੀਰ ਦੀ ਲਾਸ਼ ਬਸਈ ਦਾਰਾਪੁਰ ਇਲਾਕੇ ’ਚ ਫਲੈਟ ਦੇ ਵਾਸ਼ਰੂਮ ’ਚ ਸੜੀ-ਗਲੀ ਹਾਲਤ ’ਚ ਮਿਲੀ ਹੈ। ਉਨ੍ਹਾਂ ਦੀ ਜਾਨ-ਪਛਾਣ ਵਾਲੇ ਹਰਪ੍ਰੀਤ ਸਿੰਘ ਨੇ ਇਹ ਫਲੈਟ ਕਿਰਾਏ ’ਤੇ ਲਿਆ ਸੀ। ਪੁਲਸ ਨੇ ਦੱਸਿਆ ਕਿ ਵਜ਼ੀਰ ਹਾਲ ਹੀ ’ਚ ਦਿੱਲੀ ਆਏ ਸਨ ਅਤੇ ਉਦੋਂ ਤੋਂ ਹਰਪ੍ਰੀਤ ਦੇ ਨਾਲ ਰਹਿ ਰਹੇ ਸਨ। ਹਰਪ੍ਰੀਤ ਦਾ ਪਤਾ ਲਗਾਉਣ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਫਰਾਰ ਹੈ।
ਇਹ ਵੀ ਪੜ੍ਹੋ : ਨੇਤਰਹੀਣ ਮਾਪਿਆਂ ਦੇ 8 ਸਾਲਾ ਪੁੱਤ ਨੇ ਚੁੱਕੀ ਘਰ ਦੀ ਜ਼ਿੰਮੇਵਾਰ, ਚਲਾਉਣ ਲੱਗਾ ਈ-ਰਿਕਸ਼ਾ
ਪੁਲਸ ਨੇ ਦੱਸਿਆ ਕਿ ਸਰੀਰ ’ਤੇ ਸੱਟਾਂ ਦੀ ਅਸਲ ਵਜ੍ਹਾ ਦਾ ਪਤਾ ਸਿਰਫ਼ ਪੋਸਟਮਾਰਟਰਮ ਤੋਂ ਬਾਅਦ ਹੀ ਲੱਗ ਸਕੇਗਾ, ਜਿਸ ਦੇ ਲਈ ਡਾਕਟਰਾਂ ਦਾ ਇਕ ਬੋਰਡ ਗਠਿਤ ਕੀਤਾ ਗਿਆ ਹੈ। ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਆਪਣੇ ਸਹਿਕਰਮੀ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਮੇਰੇ ਸਹਿਕਰਮੀ, ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਸਰਦਾਰ ਟੀ. ਐੱਸ. ਵਜ਼ੀਰ ਦੀ ਅਚਾਨਕ ਹੋਈ ਮੌਤ ਦੀ ਖਬਰ ਸੁਣ ਕੇ ਮੈਂ ਸਦਮੇ ’ਚ ਹਾਂ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।’’ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕੀਤਾ, ‘‘ਅਧਿਆਪਕ ਵਰਗੇ ਪਰਮ ਮਿੱਤਰ ਤ੍ਰਿਲੋਚਨ ਸਿੰਘ ਵਜ਼ੀਰ ਦੀ ਦਿੱਲੀ ’ਚ ਹੱਤਿਆ ਨਾਲ ਬਹੁਤ ਸਦਮੇ ’ਚ ਹਾਂ। ਜ਼ਿਲ੍ਹਾ ਗੁਰਦੁਆਰਾ ਪ੍ਰਬੰਧ ਬੋਰਡ, ਜੰਮੂ ਕਸ਼ਮੀਰ ਦੇ ਪ੍ਰਧਾਨ ਦੇ ਰੂਪ ’ਚ ਉਨ੍ਹਾਂ ਨੇ ਸੇਵਾ ਦਿੱਤੀ ਹੈ। ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਨਾਲ ਹੈ। ਵਾਹਿਗੁਰੂ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ।’’