ਕਿਤਾਬ ''ਚ ਲੁਕਾ ਕੇ ਲਿਆਇਆ 90 ਹਜ਼ਾਰ ਅਮਰੀਕੀ ਡਾਲਰ, ਕਸਟਮ ਵਿਭਾਗ ਨੇ ਕੀਤਾ ਗ੍ਰਿਫ਼ਤਾਰ
Tuesday, Jan 24, 2023 - 04:46 PM (IST)
ਮੁੰਬਈ- ਕਸਟਮ ਵਿਭਾਗ ਨੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਕੌਮਾਂਤਰੀ ਹਵਾਈ ਅੱਡੇ 'ਤੇ ਵੱਖ-ਵੱਖ ਮੁਹਿੰਮਾਂ ਚਲਾ ਕੇ ਦੋ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ। ਦੋਹਾਂ ਵਿਦੇਸ਼ੀ ਨਾਗਰਿਕਾਂ 'ਚੋਂ ਇਕ ਕੋਲ 90,000 ਅਮਰੀਕੀ ਡਾਲਰ ਅਤੇ ਦੂਜੇ ਕੋਲ 2.5 ਕਿਲੋਗ੍ਰਾਮ ਸੋਨੇ ਦਾ ਪੇਸਟ ਜ਼ਬਤ ਕੀਤਾ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਅਜ਼ਰਬੈਜਾਨ ਤੋਂ ਸ਼ਾਰਜਾਹ ਜਾ ਰਹੇ ਇਕ ਵਿਅਕਤੀ ਨੂੰ ਕਸਟਮ ਵਿਭਾਗ ਨੇ ਰੋਕਿਆ ਅਤੇ ਉਸ ਦੇ ਕਬਜ਼ੇ 'ਚੋਂ 73 ਲੱਖ ਰੁਪਏ ਮੁੱਲ ਦੇ 90,000 ਡਾਲਰ ਬਰਾਮਦ ਕੀਤੇ ਗਏ। ਅਧਿਕਾਰੀ ਮੁਤਾਬਕ ਉਕਤ ਵਿਅਕਤੀ ਨੇ ਇਹ ਰਕਮ ਕਿਤਾਬਾਂ ਵਿਚ ਲੁਕਾ ਰੱਖੀ ਸੀ।
ਇਸ ਤਰ੍ਹਾਂ ਦੀ ਇਕ ਹੋਰ ਕਾਰਵਾਈ ਵਿਚ ਦੁਬਈ ਤੋਂ ਆਏ ਇਕ ਫਲਸਤੀਨੀ ਨਾਗਰਿਕ ਨੂੰ 1.30 ਕਰੋੜ ਰੁਪਏ ਦੀ ਕੀਮਤ ਦੇ 2.5 ਕਿਲੋਗ੍ਰਾਮ ਤੋਂ ਵਧ ਸੋਨੇ ਦੇ ਪੇਸਟ ਨਾਲ ਫੜਿਆ ਗਿਆ। ਅਧਿਕਾਰੀ ਮੁਤਾਬਕ ਯਾਤਰੀ ਨੇ ਸੋਨੇ ਦੀ ਪੇਸਟ ਆਪਣੇ ਅੰਡਰਗਾਰਮੈਂਟਸ 'ਚ ਲੁਕਾ ਰੱਖੀ ਸੀ। ਅਧਿਕਾਰੀ ਨੇ ਦੱਸਿਆ ਕਿ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਸਟਮ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।