ਫਿਲੀਪੀਨਜ਼ ਦੇ ਵਿਦੇਸ਼ ਮੰਤਰੀ ਨੇ ਉਪ-ਰਾਸ਼ਟਰਪਤੀ ਧਨਖੜ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ ''ਤੇ ਹੋਈ ਚਰਚਾ
Wednesday, Jun 28, 2023 - 09:11 PM (IST)
ਨਵੀਂ ਦਿੱਲੀ (ਭਾਸ਼ਾ) : ਫਿਲੀਪੀਨਜ਼ ਦੇ ਵਿਦੇਸ਼ ਮੰਤਰੀ ਐਨਰਿਕ ਏ ਮਨਾਲੋ ਨੇ ਬੁੱਧਵਾਰ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ। ਉਪ-ਰਾਸ਼ਟਰਪਤੀ ਦੇ ਸਕੱਤਰੇਤ ਨੇ ਧਨਖੜ ਦੇ ਹਵਾਲੇ ਨਾਲ ਟਵੀਟ ਕੀਤਾ, ''ਫਿਲੀਪੀਨਜ਼ ਦੇ ਵਿਦੇਸ਼ ਮੰਤਰੀ ਐਨਰਿਕ ਏ ਮਨਾਲੋ ਨੇ ਅੱਜ ਉਪ-ਰਾਸ਼ਟਰਪਤੀ ਨਿਵਾਸ ਵਿਖੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ।'' ਧਨਖੜ ਨੇ ਕਿਹਾ ਕਿ ਉਨ੍ਹਾਂ ਸਾਂਝੀਆਂ ਕਦਰਾਂ-ਕੀਮਤਾਂ ਅਤੇ ਸਮਾਨਤਾਵਾਂ ਬਾਰੇ ਚਰਚਾ ਕੀਤੀ, ਜੋ ਦੋਵਾਂ ਦੇਸ਼ਾਂ ਦੇ ਸਬੰਧਾਂ ਦੀ ਨੀਂਹ ਹਨ। ਦੋਵਾਂ ਨੇਤਾਵਾਂ ਨੇ ਭਾਰਤ-ਫਿਲੀਪੀਨਜ਼ ਦੁਵੱਲੇ ਸਬੰਧਾਂ ਨੂੰ ਨਵੀਂ ਗਤੀ ਪ੍ਰਦਾਨ ਕਰਨ ਅਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ। ਫਿਲੀਪੀਨਜ਼ ਦੇ ਵਿਦੇਸ਼ ਮੰਤਰੀ ਮਨਾਲੋ ਭਾਰਤ ਦੇ ਦੌਰੇ 'ਤੇ ਅੱਜ ਨਵੀਂ ਦਿੱਲੀ ਪਹੁੰਚੇ। ਮਨਾਲੋ ਨੇ 42ਵੇਂ ਸਪਰੂ ਹਾਊਸ ਨੂੰ ਸੰਬੋਧਨ ਕੀਤਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਭੀਮ ਆਰਮੀ ਚੀਫ਼ ਚੰਦਰਸ਼ੇਖਰ 'ਤੇ ਜਾਨਲੇਵਾ ਹਮਲਾ, ਅਣਪਛਾਤੇ ਹਮਲਾਵਰਾਂ ਨੇ ਕੀਤੀ ਫਾਇਰਿੰਗ
ਇਸ ਦੌਰਾਨ ਫਿਲੀਪੀਨਜ਼ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਨਾਲ 'ਬਹੁਤ ਮਜ਼ਬੂਤ' ਰੱਖਿਆ ਗਠਜੋੜ ਵਿਕਸਿਤ ਕਰਨਾ ਚਾਹੁੰਦਾ ਹੈ ਅਤੇ ਭਾਰਤ ਤੋਂ ਫੌਜੀ ਸਾਜ਼ੋ-ਸਾਮਾਨ ਖਰੀਦਣ ਦੀ ਉਮੀਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਲੀਪੀਨਜ਼ ਨੇ ਦੱਖਣੀ ਚੀਨ ਸਾਗਰ ਵਿੱਚ ਆਪਣੇ ਦੇਸ਼ ਦੇ ਵਿਸ਼ੇਸ਼ ਆਰਥਿਕ ਖੇਤਰ (ਈਈਜ਼ੈੱਡ) ਵਿੱਚ ਚੀਨ ਦੀ ਮੌਜੂਦਗੀ ਨੂੰ ਵਾਰ-ਵਾਰ ਚੁਣੌਤੀ ਦਿੱਤੀ ਹੈ ਅਤੇ ਅਜਿਹਾ ਕਰਨਾ ਜਾਰੀ ਰੱਖੇਗਾ। ਭਾਰਤ ਦੇ 4 ਦਿਨਾ ਦੌਰੇ 'ਤੇ ਆਏ ਮਨਾਲੋ ਨੇ ਕਿਹਾ ਕਿ 10 ਆਸੀਆਨ (ਦੱਖਣੀ-ਪੂਰਬੀ ਏਸ਼ੀਆਈ ਰਾਸ਼ਟਰਾਂ ਦੀ ਐਸੋਸੀਏਸ਼ਨ) ਦੇਸ਼ ਅਤੇ ਚੀਨ, ਦੱਖਣੀ ਚੀਨ ਸਾਗਰ ਲਈ ਆਚਾਰ ਸੰਹਿਤਾ ਦਾ ਖਰੜਾ ਤਿਆਰ ਕਰਨ 'ਤੇ ਕੰਮ ਕਰ ਰਹੇ ਹਨ ਪਰ ਉਨ੍ਹਾਂ ਨੂੰ ਇਸ ਦੇ ਸਾਕਾਰਾਤਮਕ ਨਤੀਜੇ ਨੂੰ ਲੈ ਕੇ ਯਕੀਨ ਨਹੀਂ ਹੈ।
ਇਹ ਵੀ ਪੜ੍ਹੋ : ਸਿਵਲ ਕੋਡ ਲਾਗੂ ਕਰਨ ਨਾਲ ਘੱਟ-ਗਿਣਤੀਆਂ ਤੇ ਕਬਾਇਲੀ ਭਾਈਚਾਰਿਆਂ ’ਤੇ ਪਵੇਗਾ ਮਾਰੂ ਅਸਰ : ਅਕਾਲੀ ਦਲ
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਮਨਾਲੋ ਦੀ ਯਾਤਰਾ ਭਾਰਤ ਅਤੇ ਫਿਲੀਪੀਨਜ਼ ਨੂੰ ਆਪਣੇ ਦੁਵੱਲੇ ਸਬੰਧਾਂ ਦੀ ਵਿਆਪਕ ਸਮੀਖਿਆ ਕਰਨ ਅਤੇ ਆਪਣੇ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ ਦੀ ਖੋਜ ਕਰਨ ਦਾ ਮੌਕਾ ਪ੍ਰਦਾਨ ਕਰੇਗੀ। ਇਸ ਵਿੱਚ ਕਿਹਾ ਗਿਆ ਸੀ ਕਿ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਮਨਾਲੋ 29 ਜੂਨ ਨੂੰ ਦੁਵੱਲੇ ਸਹਿਯੋਗ 'ਤੇ ਭਾਰਤ-ਫਿਲੀਪੀਨਜ਼ ਸੰਯੁਕਤ ਕਮਿਸ਼ਨ ਦੀ 5ਵੀਂ ਬੈਠਕ ਦੀ ਸਹਿ-ਪ੍ਰਧਾਨਗੀ ਕਰਨਗੇ। ਜੈਸ਼ੰਕਰ ਦੇ ਸੱਦੇ 'ਤੇ ਫਿਲੀਪੀਨਜ਼ ਦੇ ਵਿਦੇਸ਼ ਮੰਤਰੀ ਮਨਾਲੋ ਭਾਰਤ ਆਏ ਹਨ। ਵਿਦੇਸ਼ ਮੰਤਰਾਲੇ ਦੇ ਅਨੁਸਾਰ ਬੈਠਕ ਵਿੱਚ ਦੋਵੇਂ ਪੱਖ ਰਾਜਨੀਤਿਕ, ਰੱਖਿਆ, ਸੁਰੱਖਿਆ, ਜਹਾਜ਼ਰਾਨੀ ਸਹਿਯੋਗ, ਵਪਾਰ ਅਤੇ ਨਿਵੇਸ਼, ਸਿਹਤ ਅਤੇ ਸੈਰ-ਸਪਾਟਾ ਸਮੇਤ ਦੁਵੱਲੇ ਸਬੰਧਾਂ ਦੇ ਸਮੁੱਚੇ ਪਹਿਲੂਆਂ ਦੀ ਸਮੀਖਿਆ ਕਰਨਗੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।