ਰਾਜਦ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ, ਲਾਲੂ ਨੂੰ ਜ਼ਮਾਨਤ ਤਾਂ ਮਿਲੀ ਪਰ ਜੇਲ ਤੋਂ ਨਹੀਂ ਆ ਸਕਣਗੇ ਬਾਹਰ

Friday, Oct 09, 2020 - 01:34 PM (IST)

ਪਟਨਾ- ਬਹੁਚਰਚਿਤ ਚਾਰਾ ਘਪਲਾ ਮਾਮਲੇ 'ਚ ਸਜ਼ਾ ਕੱਟ ਰਹੇ ਰਾਸ਼ਟਰੀ ਜਨਤਾ ਦਲ (ਰਾਜਦ) ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਚਾਈਬਾਸਾ ਖਜ਼ਾਨੇ ਤੋਂ ਗੈਰ-ਕਾਨੂੰਨੀ ਨਿਕਾਸੀ ਮਾਮਲੇ 'ਚ ਜ਼ਮਾਨਤ ਮਿਲਣ ਤੋਂ ਬਾਅਦ ਵੀ ਫਿਲਹਾਲ ਉਹ ਜੇਲ ਤੋਂ ਬਾਹਰ ਨਹੀਂ ਸਕਦੇ। ਜਿਸ ਕਾਰਨ ਬਿਹਾਰ ਵਿਧਾਨ ਸਭਾ ਚੋਣਾਂ 'ਚ ਆਪਣੇ ਨੇਤਾ ਦੀ ਹਾਜ਼ਰੀ ਦੀ ਰਾਹ ਦੇਖ ਰਹੇ ਰਾਜਦ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ। ਝਾਰਖੰਡ ਹਾਈ ਕੋਰਟ 'ਚ ਜੱਜ ਅਪਰੇਸ਼ ਕੁਮਾਰ ਦੀ ਅਦਾਲਤ ਨੇ ਰਾਜਦ ਮੁਖੀ ਲਾਲੂ ਵਲੋਂ ਚਾਈਬਾਸਾ ਖਜ਼ਾਨੇ ਤੋਂ ਗੈਰ-ਕਾਨੂੰਨੀ ਨਿਕਾਸੀ 'ਚ ਦਾਇਰ ਕੀਤੀ ਗਈ ਜ਼ਮਾਨਤ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰਨ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ। ਨਾਲ ਹੀ ਕੋਰਟ ਨੇ ਸ਼੍ਰੀ ਯਾਦਵ ਨੂੰ ਹੇਠਲੀ ਅਦਾਲਤ 'ਚ 2 ਲੱਖ ਰੁਪਏ ਜਮ੍ਹਾ ਕਰਵਾਉਣ ਅਤੇ ਰਾਂਚੀ ਦੇ ਰਾਜੇਂਦਰ ਆਯੂਵਿਗਿਆਨ ਸੰਸਥਾ (ਰਿਮਸ) ਨੂੰ 6 ਨਵੰਬਰ ਤੱਕ ਮੈਡੀਕਲ ਰਿਪੋਰਟ ਦਾਖਲ ਕਰਨ ਦਾ ਨਿਰਦੇਸ਼ ਦਿੱਤਾ। ਯਾਦਵ ਵਲੋਂ ਪੇਸ਼ ਵਕੀਲ ਨੇ ਕੋਰਟ ਨੂੰ ਪ੍ਰਾਰਥਨਾ ਕੀਤੀ ਕਿ ਚਾਈਬਾਸਾ ਖਜ਼ਾਨੇ ਤੋਂ ਗੈਰ-ਕਾਨੂੰਨੀ ਨਿਕਾਸੀ ਮਾਮਲੇ 'ਚ ਸ਼੍ਰੀ ਲਾਲੂ ਨੇ ਅੱਧੀ ਸਜ਼ਾ ਪੂਰੀ ਕਰ ਲਈ ਹੈ। ਇਸ ਆਧਾਰ 'ਤੇ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਜਾਵੇ। ਕੋਰਟ ਨੇ ਸੁਣਵਾਈ ਤੋਂ ਬਾਅਦ ਇਸ ਮਾਮਲੇ 'ਚ ਲਾਲੂ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਪਰ ਦੁਮਕਾ ਖਜ਼ਾਨੇ ਤੋਂ ਗੈਰ-ਕਾਨੂੰਨੀ ਨਿਕਾਸੀ ਮਾਮਲੇ 'ਚ ਸੁਣਵਾਈ ਪੂਰੀ ਨਾ ਹੋਣ ਤੱਕ ਉਹ ਜੇਲ ਤੋਂ ਬਾਹਰ ਨਹੀਂ ਆ ਸਕਣਗੇ। 

ਲਾਲੂ ਯਾਦਵ ਦੀ ਜ਼ਮਾਨਤ 'ਤੇ ਰਾਜਦ ਨੇ ਟਵੀਟ ਕਰ ਕੇ ਕਿਹਾ,''ਲਾਲੂ ਪ੍ਰਸਾਦ ਜੀ ਦੀ ਅੱਧੀ ਸਜ਼ਾ ਪੂਰੀ ਹੋਣ 'ਤੇ ਚੌਥੇ ਕੇਸ 'ਚ ਜ਼ਮਾਨਤ ਮਿਲ ਗਈ ਹੈ। ਹੁਣ ਇਕ ਕੇਸ ਬਾਕੀ ਹੈ, ਜਿਸ ਦੀ ਅੱਧੀ ਸਜ਼ਾ 9 ਨਵੰਬਰ ਨੂੰ ਪੂਰੀ ਹੋਣ 'ਤੇ ਉਹ ਬਾਹਰ ਆ ਸਕਣਗੇ। ਕਈ ਬੀਮਾਰੀਆਂ ਅਤੇ ਉਮਰ ਦੇ ਬਾਵਜੂਦ ਵੀ ਨਿਤੀਸ਼-ਭਾਜਪਾ ਨੇ ਯੋਜਨਾ ਕਰ ਕੇ ਉਨ੍ਹਾਂ ਨੂੰ ਬਾਹਰ ਨਹੀਂ ਆਉਣ ਦਿੱਤਾ।''

ਦੱਸਣਯੋਗ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਲਾਲੂ ਯਾਦਵ ਦੀ ਜ਼ਮਾਨਤ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਲਾਲੂ ਯਾਦਵ ਨੂੰ ਚਾਰਾ ਘਪਲੇ ਦੇ ਤਿੰਨ ਮਾਮਲਿਆਂ 'ਚ ਜ਼ਮਾਨਤ ਮਿਲ ਚੁਕੀ ਹੈ। ਫਿਲਹਾਲ ਲਾਲੂ ਰਾਂਚੀ ਦੇ ਰਿਮਸ ਹਸਪਤਾਲ 'ਚ ਦਾਖ਼ਲ ਹਨ। ਪਹਿਲਾਂ ਉਹ ਰਿਮਸ ਦੇ ਪੇਇੰਗ ਵਾਰਡ 'ਚ ਰਹਿੰਦੇ ਸਨ ਪਰ ਕੋਰੋਨਾ ਇਨਫੈਕਸ਼ਨ ਕਾਰਨ ਉਨ੍ਹਾਂ ਨੂੰ ਡਾਇਰੈਕਟਰ ਬੰਗਲੇ 'ਚ ਰੱਖਿਆ ਗਿਆ ਹੈ।


DIsha

Content Editor

Related News